ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਇਹੋ ਉਸ ਦੇ ਸਿਆਣੇ ਤੇ ਤਹਿਜ਼ੀਬ ਦੇ ਮਾਲਕ ਹੋਣ ਦੀ ਨਿਸ਼ਾਨੀ ਹੈ। ਕਾਲਜਾਂ, ਦਫ਼ਤਰਾਂ, ਕਲੱਬਾਂ ਵਿਚ ਜਿੱਨਾ ਚੁੱਪ ਰਹਿਣ ਤੇ ਜਾਂ ਹੌਲੀ ਬੋਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਓਨਾ ਕਿਸੇ ਹੋਰ ਗੱਲ ਉੱਤੇ ਨਹੀਂ। ਜਿਉਂ ਜਿਉਂ ਸੰਸਾਰ ਤ੍ਰੱਕੀ ਕਰੀ ਜਾਂਦਾ ਹੈ ਤਿਉਂ ਤਿਉਂ ਮਨੁੱਖ ਦੀ ਅਵਾਜ਼ ਮੱਧਮ ਪੈਂਦੀ ਜਾਂਦੀ ਹੈ। ਪੜ੍ਹਿਆਂ ਹੋਇਆਂ ਸਿੱਖਾਂ ਨੂੰ ਕਹੋ ਖਾਂ ਜ਼ਰਾ 'ਸਤਿ ਸ੍ਰੀ ਅਕਾਲ' ਦਾ ਜੈਕਾਰਾ ਤਾਂ ਛੱਡਣ! ਦੰਦਾਂ ਤੋਂ ਬਾਹਰ ਅਵਾਜ਼ ਨਹੀਂ ਨਿਕਲੇਗੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਜੈਕਾਰਿਆਂ ਦੇ ਜ਼ੋਰ ਨਾਲ ਥੋੜ੍ਹੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਠਾਠਾਂ ਮਾਰਦੀਆਂ ਫੌਜਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ ਸੀ। ਹੁਣ ਭੀ ਜੇ ਕਿਸੇ ਔਕੜ ਵਿਚ ਪਏ ਹੋਵੀਏ ਤਾਂ ਜਿਸ ਵੇਲੇ ਸਾਰੇ ਰੱਲ ਕੇ ਜ਼ੋਰ ਦਾ ਜੈਕਾਰਾ ਛੱਡਦੇ ਹਾਂ ਤਾਂ ਉਸ ਵਿਚ ਸਾਰੇ ਸਿੱਖ ਇਤਿਹਾਸ ਦੀ ਅਕਾਲੀ ਗੂੰਜ ਸੁਣਾਈ ਦੇਂਦੀ ਹੈ ਜੋ ਕੰਬਦੇ ਦਿਲਾਂ ਨੂੰ ਤਕੜਾ ਕਰਦੀ ਤੇ ਢਹਿੰਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵਿਚ ਬਦਲ ਦੇਂਦੀ ਹੈ।

ー੧੬ー