ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਸਮਝਣ ਸਮਝਾਣ ਦੀ ਵਾਹ ਲਾਂਦੇ ਸਨ, ਅਤੇ ਸਰੀਰ ਨੂੰ ਇਕ ਬੇਲੋੜੇ ਪਸ਼ੂ ਦੀ ਤਰ੍ਹਾਂ ਔਖਾ ਸੌਖਾ ਹੋ ਕੇ ਬੂਹੇ ਅਗੇ ਬੰਨ੍ਹ ਰਖਣ ਦੀ ਜ਼ਿਮੇਵਾਰੀ ਨਿਬਾਹੁੰਦੇ ਸਨ। ਪਰ ਮੌਜੂਦਾ ਸਮੇਂ ਦੇ ਸਿਆਣੇ ਇਸ ਨੂੰ ਮਨ ਜਿੱਡੀ ਉੱਚੀ ਰੱਬੀ ਦਾਤ ਸਮਝਦੇ ਤੇ ਇਸ ਨੂੰ ਉਸੇ ਤਰ੍ਹਾਂ ਚੰਗੀ ਹਾਲਤ ਵਿਚ ਰਖਣਾ ਜੀਵਣ ਸਫਲਤਾ ਲਈ ਜ਼ਰੂਰੀ ਖ਼ਿਆਲ ਕਰਦੇ ਹਨ। ਸਰੀਰਕ ਤੌਰ ਤੇ ਹਰ ਇਕ ਦੀ ਇਹੋ ਚਾਹ ਰਹਿੰਦੀ ਹੈ ਕਿ ਸਦਾ ਨੌਜਵਾਨ ਬਣੇ ਰਹੀਏ, ਅਤੇ ਖੇਡ ਕੁੱਦ ਕੇ ਇਸ ਨੂੰ ਖਿੜਾਉ ਵਿਚ ਰਖੀਏ।

ਪੂਰਣਤਾ ਲਈ ਜਿਵੇਂ ਸਰੀਰ ਦਾ ਹੁਲਾਰੇ ਵਿਚ ਰਹਿਣਾ ਜ਼ਰੂਰੀ ਹੈ ਤਿਵੇਂ ਹੀ ਮਨ ਦਾ। ਜਿਵੇਂ ਸਰੀਰ ਦੇ ਅਰੋਗ ਤੇ ਖ਼ੁਸ਼ ਹੋਣ ਨਾਲ ਮੂੰਹ ਉਤੋਂ ਤੀਉੜੀਆਂ ਤੇ ਵੱਟ ਦੂਰ ਹੋ ਕੇ ਹਾਸਾ ਜਾਂ ਮੁਸਕ੍ਰਾਹਟ ਆ ਜਾਂਦੀ ਹੈ, ਤਿਵੇਂ ਮਨ ਦੇ ਖਿੜਨ ਨਾਲ ਅੰਦਰੋ ਅੰਦਰ ਇਕ ਹੁਲਾਰਾ ਪੈਦਾ ਹੁੰਦਾ ਹੈ, ਜਿਸ ਨੂੰ 'ਹਾਸ-ਰਸ' ਕਹਿੰਦੇ ਹਨ। ਇਹ ਅੰਦਰ ਦਾ ਗੁਣ ਹੈ, ਜਿਸ ਦੀ ਹੋਂਦ ਬਾਹਰਵਾਰ ਹਸਣ, ਕੂਕਣ, ਜਾਂ ਮੁਸਕ੍ਰਾਹਟ ਦੀ ਸ਼ਕਲ ਵਿਚ ਪਰਗਟ ਹੁੰਦੀ ਹੈ। ਪਰ ਇਹ ਬਾਹਰ ਦੇ ਚਿੰਨ੍ਹ ਕਦੀ ਨਹੀਂ ਵੀ ਦਿਸਦੇ। ਇਸ ਲਈ ਇਸ ਨੂੰ ਬਿਆਨ ਕਰ ਕੇ ਸਮਝਾਉਣਾ ਔਖਾ ਹੈ। ਇਤਨਾ ਕਹਿ ਸਕਦੇ ਹਾਂ ਕਿ ਸਾਡੇ ਦਿਲ ਵਿਚ ਕਿਸੇ ਚੀਜ਼ ਦੀਆਂ ਦੋ ਉਲਟੀਆਂ ਹਾਲਤਾਂ ਦੇ ਟਕਰਾਉਣ ਨਾਲ ਜੋ ਚਮਤਕਾਰ ਪੈਦਾ ਹੁੰਦਾ ਹੈ ਉਹ ਹਾਸ-ਰਸ ਹੈ। ਮਸਲਨ, ਇਕ ਨੰਗੇ ਪਿੰਡੇ ਵਾਲੇ ਜਾਂਗਲੀ ਨੂੰ ਸਿਰ ਤੇ ਟੋਪ ਧਰਿਆ ਵੇਖ ਕੇ ਹਸ ਪਈਦਾ ਹੈ। ਕਿਉਂ? ਇਸ ਲਈ ਕਿ ਜਿਸ ਜਾਂਗਲੀ ਨੂੰ ਅਸੀਂ ਸਦਾ ਨੰਗੇ ਪਿੰਡੇ ਦੇਖਦੇ ਹਾਂ ਅਜ ਇਕ ਹੋਰ ਤੇ ਉਲਟੀ ਹਾਲਤ ਵਿਚ ਦਿਸਦਾ ਹੈ। ਇਨ੍ਹਾਂ ਦੋਹਾਂ ਹਾਲਤਾਂ ਦੇ ਟਾਕਰੇ ਤੋਂ ਇਕ ਖੁਸ਼ੀ ਤੇ ਹਰਾਨਗੀ ਦੀ ਝਰਨਾਟ ਛਿੜਦੀ ਹੈ ਜਿਸ ਨਾਲ ਅਸੀਂ ਹਸ ਪੈਂਦੇ ਹਾਂ। ਇਸੇ ਤਰ੍ਹਾਂ ਜੇ ਪਜਾਮੇ ਨੂੰ ਸਿਰ ਤੇ ਪੱਗ ਵਾਂਗੂ ਬੰਨ੍ਹ ਲਈਏ, ਜਾਂ ਕੁਰਸੀ ਨੂੰ ਸਿਰ ਤੇ ਚੁਕ ਕੇ ਬਹਿ ਜਾਈਏ, ਤਾਂ ਇਹ ਅਣਮਿਲ ਹਾਲਤ ਹਾਸੇ ਵਾਲੀ ਬਣ ਜਾਂਦੀ ਹੈ।

ー੧੮ー