ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਸ-ਰਸ ਅਤੇ ਧਰਮ

ਖਜੂਰਾਂ ਕਿਸ ਨੇ ਵਧੇਰੇ ਖਾਧੀਆਂ?' ਅਲੀ ਆਖਣ ਲੱਗਾ, 'ਜੀ! ਉਸ ਨੇ ਵਧੇਰੇ ਖਾਧੀਆਂ ਜਿਹੜਾ ਹਿਟਕਾਂ ਸਮੇਤ ਖਾਈ ਗਿਆ।'

ਸਿਖ ਗੁਰੂ ਸਾਹਿਬਾਨ ਵਿਚ ਭੀ ਹਾਸ-ਰਸ ਚੋਖਾ ਸੀ। ਓਹ ਗੁਰੂ ਹੋਣ ਦੇ ਬਾਵਜੂਦ ਖੁਸ਼-ਰਹਿਣੇ ਪੰਜਾਬੀ ਭੀ ਸਨ। ਪੰਜਾਬੀ ਖ਼ਾਸ ਤੌਰ ਤੇ ਅਰੋਗ ਜੁਸੇ ਤੇ ਨਰੋਈ ਜਵਾਨ ਤਬੀਅਤ ਵਾਲਾ ਹੁੰਦਾ ਹੈ। ਇਸੇ ਲਈ ਸਰ ਸੱਯਦ ਨੇ ਉਸ ਨੂੰ 'ਜ਼ਿੰਦਾ-ਦਿਲ' ਕਿਹਾ ਹੈ। ਉਸ ਨੂੰ ਖ਼ਿਆਲ ਦੀਆਂ ਗੁੰਝਲਾਂ ਨਾਲ ਇੱਨਾ ਵਾਸਤਾ ਨਹੀਂ ਪੈਂਦਾ, ਜਿੱਨਾ ਕਿ ਅਮਲੀ ਕੰਮਾਂ ਨਾਲ। ਉਹ ਸਦਾ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ। ਉਸ ਦੇ ਹਾਸ-ਰਸ ਵਿਚ ਭੀ ਇਹੋ ਗੁਣ ਪਾਏ ਜਾਂਦੇ ਹਨ। ਇਹ ਰਸ ਨਰੋਆ, ਆਸਵੰਦ ਅਤੇ ਅਮਲੀ ਜ਼ਿੰਦਗੀ ਵਾਲਾ ਹੁੰਦਾ ਹੈ। ਇਸ ਦੇ ਵਿਚ ਖ਼ਿਆਲੀ ਚਲਾਕੀਆਂ ਜਾਂ ਲਫ਼ਜ਼ੀ ਹੇਰਾ ਫੇਰੀਆਂ ਨਹੀਂ ਹੁੰਦੀਆਂ। ਇਹ ਅਮਲੀ ਜ਼ਿੰਦਗੀ ਵਿਚੋਂ ਨਿਕਲਦਾ ਅਤੇ ਅਮਲੀ ਕੰਮਾਂ ਵਿਚ ਜ਼ਾਹਰ ਹੁੰਦਾ ਹੈ। ਲਫ਼ਜ਼ ਲੋੜ ਅਨੁਸਾਰ ਥੋੜੇ ਅਤੇ ਸਾਦੇ ਹੁੰਦੇ ਹਨ। ਜਿਵੇਂ ਜਲ੍ਹਣ ਦਾ ਅਖਾਣ: 'ਜਲ੍ਹਿਆ! ਰੱਬ ਦਾ ਕੀ ਪਾਵਣਾ। ਐਧਰੋਂ ਪੁਟਣਾ ਤੇ ਓਧਰ ਲਾਵਣਾ।' ਜਾਂ 'ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹੱਲ ਵਾਹਿਆ। ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਭੀ ਉਲਾਂਭਾ ਲਾਹਿਆ।'

ਇਹੋ ਜਹੀ ਹਾਸ-ਰਸ ਵਾਲੀ ਤਬੀਅਤ ਸ੍ਰੀ ਗੁਰੂ ਨਾਨਕ ਜੀ ਦੀ ਸੀ। ਦੁਨੀ ਚੰਦ ਇਕ ਧਨਾਢ ਨੂੰ ਸੂਈ ਦੇ ਕੇ ਕਹਿੰਦੇ ਹਨ ਕਿ ਇਹ ਸੂਈ ਮੇਰੇ ਲਈ ਅਗਲੇ ਜਹਾਨ ਲੈ ਚਲੋ; ਉਥੇ ਆ ਕੇ ਮੈਂ ਤੁਹਾਥੋਂ ਲੈ ਲਵਾਂਗਾ। ਉਨ੍ਹਾਂ ਵਿਚ ਇਹ ਰਸ ਨਾਟਕੀ ਢੰਗ ਨਾਲ ਪ੍ਰਗਟ ਹੁੰਦਾ ਸੀ। ਇਕ ਦਿਨ ਗੁਰੂ ਜੀ ਹਰਦੁਆਰ ਜਾ ਨਿਕਲੇ। ਉਥੇ ਗੰਗਾ ਵਿਚ ਖੜੇ ਕਈ ਹਿੰਦੂ ਚੜ੍ਹਦੇ ਪਾਸੇ ਵਲ ਪਾਣੀ ਸੁਟਦੇ ਦੇਖੇ। ਗੁਰੂ ਜੀ ਨੂੰ ਮੌਜ ਆਈ, ਤੇ ਉਹ ਲਹਿੰਦੇ ਵਲ ਛਾਟੇ ਮਾਰਨ ਲਗ ਪਏ। ਲੋਕਾਂ ਪੁਛਿਆ, 'ਇਹ ਕੀ ਕਰ ਰਹੇ ਹੋ?' ਗੁਰੂ ਜੀ ਅਗੋਂ ਪੁਛਣ ਲਗੇ, 'ਤੁਸੀਂ ਕੀ ਕਰ

ー੩੫ー