ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਰਹੇ ਹੋ?' ਲੋਕਾਂ ਕਿਹਾ, 'ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ।' 'ਤੇ ਅਸੀਂ ਕਰਤਾਰਪੁਰ ਵਿਚ ਆਪਣੀਆਂ ਖੇਤੀਆਂ ਨੂੰ ਪਾਣੀ ਦੇ ਰਹੇ ਹਾਂ।' ਸਵਾਲ ਹੋਇਆ, 'ਕਰਤਾਰ ਪੁਰ ਇਥੋਂ ਕਿਤਨੇ ਦੂਰ ਹੈ?' ਉਤਰ: 'ਤਿੰਨ ਕੁ ਸੌ ਮੀਲ।' 'ਫੇਰ ਏਡੇ ਦੂਰ ਤੁਹਾਡਾ ਪਾਣੀ ਕਿਵੇਂ ਪੁਜ ਸਕਦਾ ਹੈ?' 'ਤੇ ਤੁਹਾਡੇ ਪਿਤਰਾਂ ਨੂੰ ਕਿਵੇਂ ਪਾਣੀ ਪੁਜ ਸਕਦਾ ਹੈ, ਜੋ ਅਗਲੇ ਜਹਾਨ ਵਿਚ ਬੈਠੇ ਸੁਣੀਦੇ ਹਨ?' ਇਹੋ ਜਿਹਾ ਨਾਟਕੀ ਮਖ਼ੌਲ ਵਰਤਾ ਕੇ ਗੁਰੂ ਜੀ ਨੇ ਮੱਕੇ ਵਾਲਿਆਂ ਨੂੰ ਅਮਲੀ ਸਿਖਿਆ ਦਿਤੀ ਕਿ ਰੱਬ ਦਾ ਘਰ ਕਿਸੇ ਖ਼ਾਸ ਪਾਸੇ ਵਲ ਨਹੀਂ ਹੁੰਦਾ। ਬਗ਼ਦਾਦ ਵਿਚ ਬਾਂਗ ਦੇ ਕੇ ਇਹੋ ਜਿਹਾ ਕੌਤਕ ਵਰਤਾਇਆ। ਇਕ ਵੇਰ ਮੇਕਰਾਨ ਵਲ ਜਾਂਦਿਆਂ ਰਸਤੇ ਵਿਚ ਇਕ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਨਚਦੇ ਤੇ ਕੁਦਦੇ ਵੇਖੇ। ਇਹੋ ਜਹੀ ਮਾਸੂਮ ਖ਼ੁਸ਼ੀ ਦਾ ਨਜ਼ਾਰਾ ਵੇਖ ਕੇ ਗੁਰੂ ਜੀ ਕੋਲੋਂ ਰਿਹਾ ਨਾ ਗਿਆ, ਅਤੇ ਆਪਣੀ ਬੁਵੇਲ ਸੰਜੀਦਗੀ ਦਾ ਜੁੱਲਾ ਲਾਹ ਕੇ ਝਟ ਪਟ ਉਨ੍ਹਾਂ ਮੁੰਡਿਆਂ ਦੀ ਟੋਲੀ ਨਾਲ ਰਲ ਪਏ ਅਤੇ ਰਜ ਕੇ ਨਚੇ ਤੇ ਗਿਧਾ ਪਾਇਆ। ਇਨ੍ਹਾਂ ਮੌਕਿਆਂ ਤੇ ਜਦੋਂ ਗੁਰੂ ਜੀ ਬਾਹਰ ਜਾਂਦੇ ਸਨ, ਤਾਂ ਪਹਿਰਾਵਾ ਭੀ ਅਜੀਬ ਜਿਹਾ ਕਰ ਲੈਂਦੇ ਸਨ: ਗੱਲ ਵਿਚ ਖਫਣੀ ਤੇ ਹੱਡੀਆਂ ਦੀ ਮਾਲਾ, ਲੱਕ ਵਿਚ ਚੰਮ ਦੀ ਤਹਿਮਤ ਤੇ ਕਛ ਵਿਚ ਕੂਜ਼ਾ ਤੇ ਮੁਸੱਲਾ।

ਇਹ ਭੀ ਲੋਕਾਂ ਦੇ ਤਰਾਂ ਤਰ੍ਹਾਂ ਦੇ ਭੇਖਾਂ ਦੀ ਮਿਲ-ਗੋਭਾ ਨਕਲ ਸੀ, ਜਿਸ ਤੋਂ ਭਾਵ ਉਨ੍ਹਾਂ ਨੂੰ ਹਾਸ-ਰਸ ਦੇ ਰਾਹੀਂ ਠੀਕ ਕਰਨਾ ਸੀ। ਗੁਰੂ ਜੀ ਨੂੰ ਜਿੰਦਗੀ ਦੀ ਸਧਾਰਣ ਰਹਿਣੀ ਬਹਿਣੀ ਛੱਡ ਕੇ ਕਈ ਤਰ੍ਹਾਂ ਦੇ ਉਸ਼ਟੰਡ ਖੜੇ ਕਰਨ ਵਾਲੀ ਫਕੀਰੀ ਚੰਗੀ ਨਹੀਂ ਲਗਦੀ ਸੀ। ਜਦ ਉਹ ਵੇਖਦੇ ਸਨ ਕਿ ਕਈ ਲੋਕ———

"ਝੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ।
ਲਕੀ ਕਾਸੇ ਹਥੀ ਫੁੰਮਣ ਅਰੋ-ਪਿਛੀ ਜਾਹੀ।"

ー੩੬ー