ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਦਾ ਪਿਆਰ

ਘਰ ਇੱਟਾਂ ਜਾਂ ਵਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। 'ਘਰ' ਤੋਂ ਭਾਵ ਉਹ ਥਾਂ ਹੈ, ਜਿਥੇ ਮਨੁਖ ਦੇ ਪਿਆਰ ਤੇ ਸਧਰਾਂ ਪਲਦੀਆਂ ਹਨ, ਜਿਥੇ ਬਾਲਪਨ ਵਿਚ ਮਾਂ ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿਥੇ ਜਵਾਨੀ ਵਿਚ ਸਾਰੇ ਜਹਾਨ ਨੂੰ ਗਾਹ ਕੇ, ਲਿਤਾੜ ਕੇ, ਖਟੀ ਕਮਾਈ ਕਰ ਕੇ ਮੁੜ ਆਉਣ ਨੂੰ ਜੀ ਕਰਦਾ ਹੈ, ਜਿਥੇ ਬੁਢੇਪੇ ਵਿਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕਟਣ ਵਿਚ ਇਉਂ ਸੁਆਦ ਆਉਂਦਾ ਹੈ ਜਿਵੇਂ ਬਚਪਨ ਵਿਚ ਮਾਂ ਦੀ ਝੋਲੀ ਵਿਚ ਆਉਂਦਾ ਸੀ। ਘਰ ਮਨੁਖ ਦੇ ਨਿਜੀ ਵਲਵਲਿਆਂ ਤੇ ਸ਼ਖ਼ਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਣ ਬਣਾਉਣ ਵਿਚ ਜਿਥੇ ਸਮਾਜਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਕੰਮ ਕਰਦਾ ਹੈ, ਉਥੇ ਘਰ ਦੀ ਚਾਰਦਿਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਵੀ ਘਟ ਕੰਮ ਨਹੀਂ ਕਰਦਾ। ਸਗੋਂ ਮਨੁਖ ਦਾ ਆਚਰਣ ਬਣਦਾ ਹੀ ਘਰ ਵਿਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਉ ਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾ ਵਾਲਾ ਦੇਖਦਾ ਹਾਂ ਤਾਂ ਮੈਂ ਦਿਲ ਵਿਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।

ਇਕ ਮੇਰੀ ਜਾਣਕਾਰ ਬਿਰਧ ਬੀਬੀ ਜੀ ਹਨ, ਜੋ ਨੇਕੀ ਤੇ ਉਪਕਾਰ ਦੀ ਪੁਤਲੀ ਹਨ। ਸਵੇਰੇ ਸ਼ਾਮ ਬਿਲਾ ਨਾਗਾ ਨਿਤਨੇਮ ਕਰਦੇ ਗੁਰਦੁਆਰੇ ਦੀ ਪ੍ਰਕਰਮਾ ਕਰਦੇ ਹਨ। ਕਿਸੇ ਦੇ ਦੁਖ ਨੂੰ ਦੇਖ ਕੇ ਕਦੀ ਜਰ ਨਹੀਂ ਸਕਦੇ। ਵਲਵਲਾ ਉਨ੍ਹਾਂ ਦਾ ਇੱਨਾ ਕੋਮਲ ਤੇ ਪਵਿੱਤਰ ਹੈ ਕਿ ਚਪੇ ਚਪੇ ਤੇ ਹਮਦਰਦੀ ਨਾਲ ਫਿਸ ਪੈਂਦੇ ਹਨ। ਬਚਿਆਂ ਨੂੰ ਦੇਖ ਕੇ ਤਾਂ ਬਚੇ ਹੀ

ー੪੧ー