ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਬਣ ਜਾਂਦੇ ਹਨ। ਪਰ ਸੁਭਾ ਉਨ੍ਹਾਂ ਦਾ ਬਹੁਤ ਖਰ੍ਹਵਾ ਹੈ। ਨਿੱਕੀ ਨਿੱਕੀ ਗੱਲ ਤੋਂ ਖਿਝ ਪੈਂਦੇ ਹਨ ਅਤੇ ਗੁੱਸੇ ਵਿਚ ਆ ਕੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਉਸ ਹਾਲਤ ਵਿਚ ਉਨ੍ਹਾਂ ਨੂੰ ਦੇਖੋ ਤਾਂ ਮਲੂਮ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਕੋਈ ਤਰਸ ਨਹੀਂ, ਕੋਈ ਪਿਆਰ ਨਹੀਂ, ਪਰ ਹੁੰਦੇ ਉਸ ਵਕਤ ਵੀ ਉੱਨੇ ਹੀ ਨਰਮ ਤੇ ਕੋਮਲ ਹਨ। ਕੇਵਲ ਇਹ ਕੋਮਲਤਾ ਤੇ ਨਰਮੀ ਗੁੱਸੇ ਦੇ ਪਰਦੇ ਹੇਠ ਛੁਪੀ ਹੁੰਦੀ ਹੈ। ਇਸ ਗੁੱਸੇ ਤੇ ਝਲਪੁਣੇ ਦਾ ਕਾਰਣ ਉਨ੍ਹਾਂ ਦੀ ਜਿੰਦਗੀ ਦਾ ਪਿੱਛਾ ਫੋਲਣ ਤੋਂ ਇਹ ਮਲੂਮ ਹੁੰਦਾ ਹੈ ਕਿ ਉਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਪਤੀ ਜਵਾਨੀ ਵਿਚ ਹੀ ਸਾਥ ਛਡ ਗਿਆ, ਅਤੇ ਝੋਲ ਪੁਤਰਾਂ ਧੀਆਂ ਤੋਂ ਖ਼ਾਲੀ ਰਹੀ। ਕਿਸੇ ਨੇ ਨਿਕੀਆਂ ਨਿੱਕੀਆਂ ਬਾਹਾਂ ਗਲ ਵਿਚ ਪਾ ਕੇ ਨਹੀਂ ਆਖਿਆ, "ਬੀ ਜੀਓ! ਮੈਂ ਕਿੱਡਾ ਸ਼ੋਹਣਾ ਵਾਂ!"

ਮੈਂ ਕਈ ਵੱਡੇ ਵੱਡੇ ਕਥੱਕੜ ਦੇਖੇ ਹਨ ਜੋ ਬਾਹਰ ਪੰਡਾਲਾਂ ਵਿਚ ਕਥਾ ਕਰਦਿਆਂ ਜਾਂ ਵਖਿਆਨ ਦਿੰਦਿਆਂ ਲੋਕਾਂ ਨੂੰ ਆਪਣੀ ਸਿਆਣਪ ਤੇ ਵਿਦਿਆ ਦੇ ਚਮਤਕਾਰ ਦਸ ਕੇ ਹੈਰਾਨ ਕਰ ਦਿੰਦੇ ਹਨ। ਪਰ ਜੇ ਕੋਈ ਦੁਖੀਆ ਜਾਂ ਲੋੜਵੰਦ ਉਨ੍ਹਾਂ ਦੇ ਦਰ ਤੇ ਜਾ ਖੜੋਵੇ ਤਾਂ ਚਾਰ ਚਾਰ ਘੰਟੇ ਸ਼ਾਇਦ ਮੁਲਾਕਾਤ ਲਈ ਉਡੀਕਣਾ ਪਵੇ ਅਤੇ ਜੇ ਮਿਲਣ ਵੀ ਤਾਂ ਉਨ੍ਹਾਂ ਦਾ ਦਿਲ ਹਮਦਰਦੀ ਨਾਲ ਨਹੀਂ ਪੰਘਰਦਾ, ਅੱਖਾਂ ਨਮਰੂਦ ਦੀ ਕਬਰ ਵਾਂਗ ਸਦਾ ਸੁੱਕੀਆਂ ਹੀ ਰਹਿੰਦੀਆਂ ਹਨ, ਕਦੀ ਤਰਸ ਜਾਂ ਪਿਆਰ ਨਾਲ ਸਜਲ ਨਹੀਂ ਹੋਈਆਂ। ਇੱਡੀ ਕਰੜਾਈ ਦਾ ਕਾਰਨ? ਕੇਵਲ ਇਹ ਕਿ ਇਹੋ ਜਹੇ ਸੱਜਣ ਆਪਣਾ ਸਾਰਾ ਸਮਾਂ ਪੋਥੀਆਂ ਫੋਲਣ, ਲਿਖਣ ਜਾਂ-ਜਿਵੇਂ ਇਕ ਸਜਣ ਦੀ ਵਹੁਟੀ ਕਿਹਾ ਕਰਦੀ ਹੈ,-'ਭਾਈ ਹੋਰੀ ਆਪਣੀ ਸਾਰੀ ਜ਼ਿੰਦਗੀ ਹੈਂਡ-ਬੈਗ ਨਾਲ ਮੋਟਰਾਂ ਜਾਂ ਗਡੀਆਂ ਦੇ ਸਫ਼ਰ ਵਿਚ ਹੀ ਟਪਾ ਛਡਦੇ ਹਨ।' ਉਨ੍ਹਾਂ ਵਿਚ ਘਰ ਦਾ ਪਿਆਰ ਨਹੀਂ ਹੁੰਦਾ। ਇਸ ਲਈ ਉਨ੍ਹਾਂ ਦੀ ਜ਼ਿੰਦਗੀ ਰਸ ਤੋਂ, ਨਿਘ ਤੋਂ ਖ਼ਾਲੀ ਕੋਰੀ ਜਹੀ ਹੁੰਦੀ ਹੈ।

ー੪੨ー