ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਦਾ ਪਿਆਰ

ਇਹੋ ਜਹੇ ਉਪਦੇਸ਼ਕ ਤੇ ਲਿਖਾਰੀ ਵਡੇ ਵਡੇ ਗੁਰੂਆਂ ਤੇ ਪੈਗ਼ੰਬਰਾਂ ਦੇ ਜੀਵਣ ਵੀ ਆਪਣੇ ਨਮੂਨੇ ਉਤੇ ਢਾਲਦੇ ਹੋਏ ਉਨ੍ਹਾਂ ਮਹਾਂ ਪੁਰਖਾਂ ਨੂੰ ਭੀ ਆਪਣੇ ਜਹੇ ਕੋਰੇ ਤੇ ਘਰੋਗੀ ਪਿਆਰ ਤੋਂ ਸਖਣੇ ਬਣਾ ਦਸਦੇ ਹਨ। ਗੁਰੂ ਨਾਨਕ ਸਾਹਿਬ ਦਾ ਜੀਵਣ ਇਉਂ ਦਸਦੇ ਹਨ ਕਿ ਜਿਵੇਂ ਉਹ ਕਦੀ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿਚੋਂ ਲੰਘੇ ਹੀ ਨਹੀਂ ਹੁੰਦੇ। ਬਾਲਪਣ ਤੋਂ ਹੀ ਉਤਨੀਆਂ ਸਿਆਣੀਆਂ ਤੇ ਪਰਮਾਰਥ ਦੀਆਂ ਗੱਲਾਂ ਕਰਦੇ ਹੁੰਦੇ ਸਨ ਜਿਤਨੀਆਂ ਕਿ ਵੱਡੀ ਉਮਰ ਵਿਚ। ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਬਚਿਆਂ ਦਾ ਭੋਲਾਪਣ, ਅਲਬੇਲੀ ਤਬੀਅਤ, ਭੈਣ ਭਰਾ ਦਾ ਪਿਆਰ, ਲਾਡ ਤੇ ਰੁਸੇਵੇਂ ਮਹਾਂ ਪੁਰਖਾਂ ਦੀ ਬਣਤਰ ਲਈ ਉੱਨੇ ਹੀ ਜ਼ਰੂਰੀ ਹਨ, ਜਿੰਨੇ ਕਿ ਆਮ ਮਨੁਖਾਂ ਲਈ। ਇਸ ਤਜਰਬੇ ਵਿਚੋਂ ਲੰਘਣ ਨਾਲ ਖ਼ਿਆਲਾਂ ਵਲਵਲਿਆਂ ਤੇ ਅਮਲਾਂ ਦੀ ਉਸਾਰੀ ਕੁਦਰਤੀ ਤੌਰ ਤੇ ਹੁੰਦੀ ਹੈ। ਜਿਨ੍ਹਾਂ ਦੀ ਜ਼ਿੰਦਗੀ ਸਧਾਰਨ ਬਣਨੀ ਹੁੰਦੀ ਹੈ, ਉਨ੍ਹਾਂ ਨੂੰ ਬਚਪਨ ਦਾ ਇਹ ਤਜਰਬਾ ਸੰਸਾਰ ਦੇ ਆਮ ਕੰਮਾਂ ਲਈ ਤਿਆਰ ਕਰਦਾ ਹੈ, ਅਤੇ ਜਿਨ੍ਹਾਂ ਨੇ ਪੂਰਣਤਾ ਪ੍ਰਾਪਤ ਕਰਨੀ ਹੁੰਦੀ ਹੈ, ਉਨ੍ਹਾਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾਂ ਤੇ ਰੋਸਾ, ਭੈਣਾਂ ਦਾ ਥਾਂ ਥਾਂ ਤੇ ਵੀਰ ਨੂੰ ਬਚਾਉਣਾ ਇਕ ਅਜੇਹਾ ਚੁਗਿਰਦਾ ਬਣਾ ਰਖਦਾ ਹੈ, ਜਿਸ ਤੋਂ ਉਨ੍ਹਾਂ ਦੇ ਵਲਵਲੇ ਉਚੇ ਸਾਈਂ ਦੇ ਪਿਆਰ ਵਲ ਪ੍ਰੇਰੇ ਜਾਂਦੇ ਹਨ ਅਤੇ ਸਿਕਾਂ ਸਿਕਣ ਤੇ ਕੁਰਬਾਨੀਆਂ ਕਰਨ ਦੀ ਜਾਚ ਆਉਂਦੀ ਹੈ। ਜਿਨ੍ਹਾਂ ਲਿਖਾਰੀਆਂ ਨੇ ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਹੀਂ ਸਮਝਿਆ, ਉਨ੍ਹਾਂ ਨੇ ਈਸਾ ਦਾ ਜੀਵਣ ਉਨ੍ਹਾਂ ਦੇ ਬਚਪਨ ਦਾ ਹਾਲ ਦੇਣ ਤੋਂ ਬਿਨਾਂ ਹੀ ਲਿਖ ਦਿਤਾ, ਅਤੇ ਬੁਧ ਮਹਾਰਾਜ ਅਤੇ ਗੁਰੂ ਨਾਨਕ ਦੇ ਮਾਪਿਆਂ ਦੇ ਆਚਰਣ ਨੂੰ ਬਹੁਤ ਕੋਝੇ ਰੰਗ ਵਿਚ ਰੰਗਿਆ। ਜੇ ਲਿਖਾਰੀਆਂ ਨੂੰ ਖ਼ਿਆਲ ਹੁੰਦਾ ਕਿ ਮਹਾਂ ਪੁਰਖ ਭੀ ਘਰ ਦੇ ਆਲੇ-ਦੁਆਲੇ ਵਿਚੋਂ ਚੰਗਾ ਅਸਰ ਲੈ ਸਕਦੇ ਹਨ, ਤਾਂ ਓਹ ਇਨ੍ਹਾਂ ਦੇ ਮਾਪਿਆਂ ਦਾ ਜ਼ਿਕਰ ਬੜੇ ਸਤਕਾਰ ਨਾਲ ਕਰਦੇ ਅਤੇ ਉਨ੍ਹਾਂ

ー੪੩ー