ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਦੇ ਘਰੋਗੀ ਚੁਗਿਰਦੇ ਵਿਚੋਂ ਵੀ ਕੁਝ ਮਹਾਨਤਾ ਦੇ ਚਿੰਨ੍ਹ ਲਭਣ ਦਾ ਜਤਨ ਕਰਦੇ। ਮੈਨੂੰ ਤਾਂ ਗੁਰੂ ਨਾਨਕ ਦੇਵ ਦੀ ਜਨਮਸਾਖੀ ਵਿਚੋਂ ਵਧੀਕ ਤੋਂ ਵਧੀਕ ਦਰਦਨਾਕ ਤੇ ਰੋਮਾਂਚ ਕਰ ਦੇਣ ਵਾਲਾ ਨਜ਼ਾਰਾ ਉਹ ਲਭਦਾ ਹੈ, ਜਿਸ ਵਿਚ ਗੁਰੂ ਜੀ ਪਰਦੇਸ-ਯਾਤਰਾ ਕਰ ਕੇ ਘਰ ਨੂੰ ਪਰਤਦੇ ਹਨ, ਪਰ ਦਿਲ ਨੂੰ ਕਰੜਾ ਕਰ ਕੇ ਆਪ ਬਾਹਰ ਖੂਹ ਤੇ ਬਹਿ ਰਹਿੰਦੇ ਹਨ, ਅਤੇ ਭਾਈ ਮਰਦਾਨੇ ਨੂੰ ਆਪਣੇ ਘਰ ਵਾਲਿਆਂ ਦੀ ਖ਼ਬਰ-ਅਤਰ ਲੈਣ ਲਈ ਪਿੰਡ ਭੇਜਦੇ ਹਨ, ਪਰ ਕਹਿੰਦੇ ਹਨ, "ਇਹ ਨਾ ਦਸੀਂ ਕਿ ਮੈਂ ਵੀ ਇਥੇ ਆਇਆ ਹਾਂ।" ਮਰਦਾਨਾ ਮਾਤਾ ਤ੍ਰਿਪਤਾ ਜੀ ਪਾਸ ਪੁਜਦਾ ਹੈ ਅਤੇ ਘਰ ਦਾ ਹਾਲ ਪੁਛ ਕੇ ਵਿਦਾ ਹੋਣ ਲਗਦਾ ਹੈ, ਤਾਂ ਮਾਤਾ ਜੀ ਵੀ ਉਸ ਦੇ ਪਿਛੇ ਪਿਛੇ ਪਿੰਡ ਤੋਂ ਬਾਹਰ ਉਸ ਥਾਂ ਪੁਜਦੇ ਹਨ ਜਿਥੇ ਗੁਰੂ ਜੀ ਬੈਠੇ ਹਨ। ਜੇ ਕਿਸੇ ਨੇ ਮਾਂ ਦੇ ਵਡਿੱਤਣ ਤੇ ਅਰਸ਼ੀ ਅਸਰ ਨੂੰ ਦੇਖਣਾ ਹੋਵੇ ਤਾਂ ਇਸ ਨਜ਼ਾਰੇ ਦੇ ਹਾਲ ਨੂੰ ਪੜ੍ਹੇ। ਮਾਤਾ ਆਪਣੇ ਪੁਤਰ ਨੂੰ ਵੇਖ ਕੇ ਬਿਹਬਲ ਹੋ ਜਾਂਦੀ ਹੈ, ਅਤੇ ਓਸ ਵੇਲੇ ਜੋ ਮਮਤਾ ਵਾਲੇ ਲਫ਼ਜ਼ ਕਹਿੰਦੀ ਹੈ, ਉਨ੍ਹਾਂ ਦਾ ਕਰੁਣਾ-ਰਸ ਉੱਚੀ ਤੋਂ ਉੱਚੀ ਕਵਿਤਾ ਤੇ ਉਚੇ ਤੋਂ ਉਚੇ ਵਲਵਲੇ ਨੂੰ ਮਾਤ ਕਰਦਾ ਹੈ। ਪੁਤਰ ਦਾ ਮੱਥਾ ਚੁੰਮ ਕੇ ਉਹ ਕਹਿੰਦੀ ਹੈ: ਵੇ ਬੱਚਾ! ਮੈਂ ਵਾਰੀ! ਮੈਂ ਤੈਥੋਂ ਵਾਰੀ! ਮੈਂ ਉਨ੍ਹਾਂ ਦੇਸਾਂ ਤੋਂ ਵਾਰੀ! ਉਨ੍ਹਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚਲ ਕੇ ਤੂੰ ਆਇਆ ਹੈਂ!" ਜੇ ਕੋਈ ਸੁਕਾ ਫ਼ਿਲਾਸਫ਼ਰ ਹੁੰਦਾ ਤਾਂ ਓਸ ਵੇਲੇ ਆਪਣੀ ਮਾਂ ਨੂੰ ਕਹਿੰਦਾ, "ਜਾ ਭਈ ਜਾ। ਇਨ੍ਹਾਂ ਤਿਲਾਂ ਵਿਚ ਤੇਲ ਨਹੀਂ। ਤੂੰ ਮਾਇਆ ਦਾ ਰੂਪ ਧਾਰ ਕੇ ਮੈਨੂੰ ਭਰਮਾਉਣ ਆਈ ਹੈ।" ਨਹੀਂ, ਗੁਰੂ ਜੀ ਮਾਤਾ ਜੀ ਦੇ ਬਚਨ ਸੁਣ ਕੇ ਫਿਸ ਪਏ ਅਤੇ ਉਸ ਦੇ ਚਰਨਾਂ ਉਤੇ ਡਿਗ ਕੇ ਰੋਏ, ਖੂਬ ਰੋਏ। ਓਹ ਅਥਰੂ ਹਜ਼ਾਰ ਗਿਆਨ ਧਿਆਨ ਦਾ ਨਚੋੜ ਸਨ, ਹਜ਼ਾਰ ਫ਼ਰਜ਼ਾਂ ਤੇ ਪਰਉਪਕਾਰਾਂ ਦੀ ਜੜ੍ਹ ਨੂੰ ਸਿੰਜਣ ਵਾਲੇ ਸਨ।

ਕੀ ਗੁਰੂ ਨਾਨਕ ਸਾਹਿਬ ਦੇ ਦਿਲ ਉਤੇ ਬੀਬੀ ਨਾਨਕੀ ਦੇ ਪਿਆਰ

ー੪੪ー