ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਘਾਟਾ ਅਤੇ ਬਾਜ਼ਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਘਰ ਘਟ ਰਹੇ ਹਨ, ਅਤੇ ਹੋਟਲ ਵਧ ਰਹੇ ਹਨ। ਲੋਕੀ ਘਰ ਦੇ ਸਦਾਚਾਰੀ ਅਸਰ ਨੂੰ ਨਾ ਜਾਣਦੇ ਹੋਏ, ਬਾਲ ਬੱਚੇ ਤੇ ਤੀਵੀਂ ਦੇ ਨਾਲ ਜੀਵਣ ਬਿਤਾਣ ਦੀ ਥਾਂ ਕਲੱਬਾਂ ਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕਰਦੇ ਹਨ । ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿਚੋਂ ਉਹ ਘਰੋਗੀ ਜ਼ਿਮੇਵਾਰੀ, ਉਹ ਬਿਰਾਦਰੀ ਵਾਲੀ ਸ਼ਰਾਫ਼ਤ, ਅਤੇ ਉਹ ਮਿਠਤ ਤੇ ਨਿਮ੍ਰਤਾ ਵਾਲੇ ਗੁਣ ਘਟ ਰਹੇ ਹਨ, ਜੋ ਕੇਵਲ ਘਰੋਗੀ ਆਚਰਣ ਤੋਂ ਹੀ ਉਪਜਦੇ ਹਨ। ਇਸਤਰੀ ਤੇ ਬੱਚਿਆਂ ਵਿਚ ਕੇਵਲ ਇਤਨੀ ਦਿਲਚਸਪੀ ਦਸੀ ਜਾਂਦੀ ਹੈ ਜਿਤਨੀ ਕਿ ਉਨ੍ਹਾਂ ਨੂੰ ਘਰ ਤੋਂ ਬਾਹਰ ਲੋਕਾਂ ਦੇ ਸਾਹਮਣੇ ਸ਼ੂਕੇ ਬਾਂਕੇ ਬਣ ਕੇ ਦਿਖਾਣ ਜੋਗਾ ਬਣਾ ਦੇਵੇ। ਇਹ ਬਹੁਤ ਘਟ ਦੇਖਿਆ ਜਾਂਦਾ ਹੈ ਕਿ ਘਰ ਦਾ ਮਾਲਕ ਆਪਣੇ ਘਰ ਦੇ ਬੰਦਿਆਂ ਲਈ ਕੋਈ ਦਿਮਾਗੀ, ਸਦਾਚਾਰਕ ਜਾਂ ਆਤਮਕ ਉਨਤੀ ਵਾਲੇ ਸਾਧਨ ਇਕੱਠਾ ਕਰਦਾ ਹੋਵੇ ਜਾਂ ਖੇਡਾਂ, ਪੁਸਤਕਾਂ, ਸਵਾਦੀ ਤਮਾਸ਼ੇ ਜਾਂ ਧਾਰਮਕ ਸਿਖਿਆ ਦੇ ਸਮਿਆਨ ਵਧਾਣ ਦਾ ਜਤਨ ਕਰਦਾ ਹੋਵੇ।

ਮੁੰਡਿਆਂ ਅਤੇ ਵਿਦਿਆਰਥੀਆਂ ਬਾਬਤ ਭੀ ਸ਼ਕਾਇਤ ਕੀਤੀ ਜਾਂਦੀ ਹੈ ਕਿ ਉਹ ਸਮਾਜਕ ਵਰਤੋਂ ਵਿਚ ਕੋਰੇ ਜਹੇ ਗ਼ੈਰ-ਜ਼ਿੰਮੇਵਾਰ ਅਤੇ ਕਈ ਵੇਰ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਵਾਲੇ ਹੋ ਜਾਂਦੇ ਹਨ। ਇਸ ਦਾ ਕਾਰਣ ਭੀ ਘਰਾਂ ਨੂੰ ਛਡ ਕੇ ਬੋਰਡਿੰਗਾਂ ਦੀ ਰਹਿਣੀ-ਬਹਿਣੀ ਹੈ। ਜਿਹੜਾ ਮੁੰਡਾ ਬਚਪਨ ਤੋਂ ਲੈ ਕੇ ਉਮਰ ਦਾ ਚੋਖਾ ਹਿਸਾ ਮਾਂ, ਭੈਣ, ਭਰਾ ਤੇ ਗੁਆਂਢੀਆਂ ਤੋਂ ਵਖਰਾ ਰਹਿ ਕੇ ਬੋਰਡਿੰਗ ਵਿਚ ਕਟਦਾ ਹੈ, ਉਸ ਵਿਚ ਘਰੋਗੀ ਗੁਣ (ਲੱਜਾ, ਹਮਦਰਦੀ, ਬਰਾਦਰੀ ਦਾ ਸਨਮਾਨ ਆਦਿ) ਨਹੀਂ ਪੈਦਾ ਹੁੰਦੇ। ਚਾਚੀ ਮਰ ਜਾਏ, ਤਾਂ ਮੁੰਡੇ ਨੂੰ ਆਪਣੇ ਚਾਚੇ ਪਾਸ ਜਾ ਕੇ ਪਰਚਾਉਣੀ ਕਰਨ ਦੀ ਜਾਚ ਨਹੀਂ ਆਉਂਦੀ। ਮਾਂ ਨੂੰ ਨਾਲ ਜਾ ਕੇ ਕਹਿਣਾ ਪੈਂਦਾ ਹੈ, “ਕਾਕਾ ਚਾਚੀ ਲਈ ਅਫ਼ਸੋਸ ਕਰਨ ਆਇਆ ਹੈ।"

ー੪੬ー