ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਦਾ ਪਿਆਰ

ਇਹੋ ਜਿਹਾ ਰਿਸ਼ਤੇ ਸੰਬੰਧਾਂ ਤੋਂ ਕੋਰਾ ਅਤੇ ਘਰੋਗੀ ਪਿਆਰਾਂ ਤੋਂ ਭੁਖਾ ਰਖਿਆ ਹੋਇਆ ਮੁੰਡਾ ਜਦ ਸਾਲ ਮਗਰੋਂ ਆਪਣੇ ਪਿੰਡ ਜਾਂਦਾ ਹੈ ਤਾਂ ਕੁੜੀਆਂ ਨੂੰ ਵੇਖ ਕੇ ਆਪਣੀਆਂ ਅਖਾਂ ਜਾਂ ਦਿਲ ਨੂੰ ਸੰਭਾਲ ਨਹੀਂ ਸਕਦਾ, ਅਤੇ ਕਈ ਤਰ੍ਹਾਂ ਦੇ ਖਰੂਦ ਮਚਾਂਦਾ ਹੈ।

ਅਸਲੀ ਧਾਰਮਕ ਜੀਵਨ ਦੀ ਨੀਂਹ ਘਰ ਦੀ ਰਹਿਣੀ-ਬਹਿਣੀ ਵਿਚ ਰਖੀ ਜਾ ਸਕਦੀ ਹੈ। ਪਰ ਲੋਕਾਂ ਦੀ ਰੁਚੀ ਘਰਾਂ ਵਲ ਘਟ ਹੋਣ ਕਰਕੇ ਧਾਰਮਕ ਰਹਿਣੀ ਭੀ ਇਕ ਲੋਕਾਚਾਰ ਬਣ ਗਈ ਹੈ। ਧਰਮ ਘਰਾਂ ਵਿਚੋਂ ਨਿਕਲ ਕੇ ਬਜ਼ਾਰਾਂ ਵਿਚ ਆ ਗਿਆ ਹੈ। ਲੋਕੀ ਧਰਮ ਦੀ ਕਮਾਈ ਬਸ ਇਸੇ ਨੂੰ ਸਮਝੀ ਬੈਠੇ ਹਨ ਕਿ ਦਿਨ-ਦਿਹਾਰ ਨੂੰ ਕਿਸੇ ਦੀਵਾਨ ਵਿਚ ਹਾਜ਼ਰ ਹੋ ਕੇ ਪਾਠ ਲੈਕਚਰ ਜਾਂ ਅਰਦਾਸ ਨੂੰ ਸੁਣ ਛਡਣਾ। ਘਰ ਵਿਚ ਇਸਤਰੀ ਬਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘਟ ਦੇਖੀ ਜਾਂਦੀ ਹੈ। ਪਰ ਅਸਲ ਵਿਚ ਧਾਰਮਕ ਰੁਚੀ ਕੇਵਲ ਉਸੇ ਆਦਮੀ ਦੇ ਅੰਦਰ ਪੈਦਾ ਹੋ ਸਕਦੀ ਹੈ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਕ ਸੰਸਕਾਰ ਕਰਦਾ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ।

ਜਿਹੜੇ ਲੋਕੀਂ ਘਰੋਗੀ ਜੀਵਣ ਛਡ ਕੇ ਸਾਧ ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਕੰਮ ਉਤਨਾ ਹੀ ਔਖਾ ਹੈ ਜਿਤਨਾ ਕਿ ਉਸ ਕਿਸਾਨ ਲਈ ਜੋ ਜ਼ਿਮੀਂ ਨੂੰ ਛਡ ਕੇ ਹਵਾ ਵਿਚ ਬੀ ਬੀਜਣਾ ਚਾਹੇ। ਵਡੇ ਵਡੇ ਮਹਾਂ ਪੁਰਖ ਅਖਵਾਣ ਵਾਲੇ ਜੋ ਗ੍ਰਿਹਸਤ ਤੋਂ ਕੰਨੀ ਕਤਰਾਂਦੇ ਸਨ, ਧਾਰਮਕ ਜਾਂ ਇਖ਼ਲਾਕੀ ਔਕੜ ਪੈਣ ਤੇ ਝਟ ਡਿਗ ਜਾਂਦੇ ਸਨ, (ਕਿਸੇ ਦਾ ਨਾਂ ਕੀ ਲੈਣਾ ਹੋਇਆ?)। ਤੁਸੀਂ ਕਈਆਂ ਦੀਆਂ ਸਾਖੀਆਂ ਪੜ੍ਹਦੇ ਹੋਵੋਗੇ ਕਿ ਓਹ ਸਾਰੀ ਉਮਰ ਜਤੀ ਰਹੇ, ਪਰ ਜਦ ਕਿਸੇ ਦਰਿਆ ਦੇ ਕੰਢੇ ਇਸਤ੍ਰੀਆਂ ਨ੍ਹਾਉਂਦੀਆਂ ਦੇਖੀਆਂ ਤਾਂ ਆਪਣੇ ਆਪ ਉਤੇ ਕਾਬੂ ਨਾ ਰਖ ਸਕੇ। ਕਈ ਤਾਂ ਇਸੇ ਡਰ ਤੋਂ ਕਿ ਕਿਧਰੇ ਮਾਇਆ ਵਿਚ

ー੪੭ー