ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਦਾ ਪਿਆਰ

ਕੋਠਾ ਅਤੇ ਉਸ ਵਿਚ ਵਸਦੇ ਬੰਦੇ ਪਿਆਰੇ ਹਨ। ਮੈਨੂੰ ਯਾਦ ਹੈ, ਜਦ ਮੈਂ ਰਾਵਲ ਪਿੰਡੀ ਪੜ੍ਹਦਾ ਹੁੰਦਾ ਸਾਂ ਤਾਂ ਹਰ ਹਫ਼ਤੇ ਐਤਵਾਰ ਕਟਣ ਨੂੰ ਆਪਣੇ ਪਿੰਡ ਜਾਂਦਾ ਹੁੰਦਾ ਸਾਂ। ਜਦ ਮੈਂ 'ਚੀਰ ਪੜਾਂ' ਤੋਂ ਲੰਘ ਕੇ 'ਤ੍ਰਪਿਆਂ' ਕੋਲ ਪੁਜਦਾ ਸਾਂ, ਜਿਥੋਂ ਇਕ ਟਿੱਬੇ ਦੇ ਓਹਲੇ ਮੇਰਾ ਪਿੰਡ ਵਸਦਾ ਦਿਸਦਾ ਸੀ, ਤਾਂ ਪਿੰਡ ਦੀ ਪਿਆਰੀ ਝਾਕੀ ਅੱਖਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੈਂ ਉਸ ਟਿੱਬੇ ਕੋਲ ਠਹਿਰ ਜਾਂਦਾ ਸੀ ਅਤੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰ ਕੇ ਪਿੰਡ ਵਲ ਝਾਕਣ ਦਾ ਹੀਆ ਕਰਦਾ ਸਾਂ। ਮੁੜਦੀ ਵੇਰ ਭੀ ਪਿੰਡ ਨੂੰ ਅੱਖਾਂ ਤੋਂ ਓਹਲੇ ਹੋਣ ਤੋਂ ਪਹਿਲਾਂ ਮੁੜ ਮੁੜ ਦੇਖਦਾ ਸਾਂ। ਕਈ ਵੇਰੀ ਉਸ ਦੇ ਓਹਲੇ ਹੋ ਜਾਣ ਦੇ ਮਗਰੋਂ ਕੁਝ ਕਦਮ ਪਿੱਛੇ ਪਰਤ ਕੇ ਮੁੜ ਪਿੰਡ ਨੂੰ ਦੇਖਣ ਜਾਂਦਾ ਸਾਂ। ਪਿੰਡ ਕਿੱਡਾ ਪਿਆਰਾ ਹੈ! ਅਤੇ ਉਸ ਵਿਚ ਵਸਦੇ ਮੇਰੇ ਸੰਬੰਧੀ ਹੋਰ ਭੀ ਪਿਆਰੇ ਹਨ।