ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ ਦੀਨ

ਮੈਂ ਉਸ ਨੂੰ ਨਿਕਿਆਂ ਹੁੰਦਿਆਂ ਤੋਂ ਜਾਣਦਾ ਸਾਂ, ਕਿਉਂਕਿ ਉਹ ਮੇਰੇ ਭਾਈਏ ਹੋਰਾਂ ਜੋਗੇ ਬੂਟ ਬਣਾਉਂਦਾ ਹੁੰਦਾ ਸੀ। ਉਹ ਅੰਮ੍ਰਿਤਸਰ ਵਿਚ ਸ਼ੇਰ ਸਿੰਘ ਦੇ ਕਟੜੇ ਵਿਚ ਇਕ ਦੁਕਾਨ ਵਿਚ ਕੰਮ ਕਰਦਾ ਹੁੰਦਾ ਸੀ। ਇਹ ਹੱਟੀ ਦੋ ਹੱਟੀਆਂ ਰਲਾ ਕੇ ਇੱਕੋ ਬਣੀ ਹੋਈ ਸੀ। ਹੁਣ ਤਾਂ ਇਹ ਬਜ਼ਾਰ ਬੜਾ ਉਜਾੜ ਜਿਹਾ ਹੈ ਤੇ ਘਟ ਵਧ ਹੀ ਕੋਈ ਉਧਰੋਂ ਲੰਘਦਾ ਹੈ, ਪਰ ਕਦੇ ਉਥੇ ਬੜੀ ਰੌਣਕ ਹੁੰਦੀ ਸੀ।

ਇਹ ਅਣੋਖੀ ਤਰ੍ਹਾਂ ਦਾ ਹੀ ਦੁਕਾਨਦਾਰ ਸੀ। ਇਸ ਦੀ ਹੱਟੀ ਉਤੇ ਕੋਈ ਵੱਡਾ ਸਾਰਾ ਸਾਈਨ-ਬੋਰਡ ਨਹੀਂ ਸੀ ਲੱਗਾ ਹੋਇਆ। ਨਾ ਉਹ ਕਿਸੇ ਦਾ ਚੀਫ਼ ਏਜੰਟ ਸੀ। ਨਾ ਉਸ ਨੇ ਕਿਤੇ ਇਹ ਲਿਖਿਆ ਸੀ ਕਿ ਉਸ ਦੇ ਬਣਾਏ ਬੂਟ ਸਰਕਾਰ ਖਰੀਦਦੀ ਹੈ। ਨਾ ਹੀ ਕੋਈ ਸ਼ੀਸ਼ਿਆਂ ਵਾਲੀਆਂ ਅਲਮਾਰੀਆਂ ਰਖ ਕੇ ਉਨ੍ਹਾਂ ਵਿਚ ਰੰਗ-ਬਰੰਗੇ ਬੂਟ ਸਜਾਏ ਹੋਏ ਸਨ। ਨਾ ਭਾਂਤ ਭਾਂਤ ਦੇ ਡੱਬੇ ਦਿਸਦੇ ਸਨ। ਹੱਟੀ ਲਭਣ ਵਾਲਿਆਂ ਦੀ ਅਗਵਾਈ ਲਈ ਉਥੇ ਇੱਕੋ ਨਿਸ਼ਾਨੀ ਸੀ। ਉਸ ਨੇ ਇਕ ਗੱਤੇ ਉਤੇ ਆਪੇ ਹੀ ਕੇਵਲ ਆਪਣਾ ਨਾਂ 'ਗੰਗਾ ਦੀਨ' ਲਿਖ ਕੇ ਧਾਗੇ ਨਾਲ ਬੂਹੇ ਤੇ ਲਟਕਾ ਛਡਿਆ ਸੀ। ਇਹ ਭੀ ਉਸ ਨੇ ਡਾਕੀਏ ਤੇ ਹੋਰ ਕਈ ਇਕ ਗਾਹਕਾਂ ਦੇ ਕਹਿਣ ਤੇ ਕੀਤਾ ਸੀ।

ਹੱਟੀ ਦੇ ਵਧਵੇਂ ਫੱਟੇ ਉਤੇ ਪਾਣੀ ਦੀ ਇਕ ਬਾਲਟੀ ਤੇ ਲੋਹੇ ਦੀ ਇਕ ਪੁਰਾਣੀ ਕੁਰਸੀ ਪਈ ਰਹਿੰਦੀ ਸੀ। ਜਾਂ ਉਥੇ ਦੋ ਜੋੜੇ ਪੁਰਾਣੇ ਬੂਟਾਂ ਦੇ ਸਜੇ ਹੁੰਦੇ ਸਨ। ਮੈਂ ਸਾਰੀ ਉਮਰ ਉਹੀ ਦੋ ਜੋੜੇ ਉਥੇ ਪਏ ਵੇਖਦਾ ਰਿਹਾ, ਕਿਉਂਕਿ ਉਹ ਵਾਧੂ ਜੋੜੇ ਬਣਾਉਂਦਾ ਹੀ ਨਹੀਂ ਸੀ। ਉਹ ਕੇਵਲ

ー੬੦ー