ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਬਣਾਉਣੇ-ਮੇਰੇ ਲਈ ਇਕ ਅਚੰਭਾ ਤੇ ਗੁੰਝਲ ਸੀ। ਮੈਂ ਉਸ ਦਿਨ ਤਕ ਇਹੋ ਸਮਝਦਾ ਰਿਹਾ ਸਾਂ ਕਿ ਸਾਰੇ ਬੂਟ ਵਲੈਤੋਂ ਹੀ ਆਉਂਦੇ ਹਨ ਤੇ ਕੇਵਲ ਮਸ਼ੀਨਾਂ ਨਾਲ ਹੀ ਬਣ ਸਕਦੇ ਹਨ।

ਮੈਨੂੰ ਯਾਦ ਹੈ ਕਿ ਇਕ ਦਿਨ ਮੇਚਾ ਦੇਦਿਆਂ ਮੈਂ ਸੰਗਦਿਆਂ ਸੰਗਦਿਆਂ ਉਸ ਨੂੰ ਕਿਹਾ, 'ਗੰਗਾ ਦੀਨ, ਇਹ ਤੁਹਾਡਾ ਕੰਮ ਮੈਨੂੰ ਤਾਂ ਬੜਾ ਔਖਾ ਜਾਪਦਾ ਹੈ।' ਉਸ ਦਾ ਉਤਰ ਭੀ ਮੈਨੂੰ ਚੇਤੇ ਹੈ। ਉਸ ਨੇ ਆਪਣੀ ਕਰਬੜੀ ਹੋ ਚੁੱਕੀ ਦਾੜ੍ਹੀ ਵਿਚੋਂ ਮੁਸਕਰਾ ਕੇ ਕਿਹਾ ਸੀ, 'ਹਾਂ, ਸਰਦਾਰ ਜੀ, ਇਹ ਵੀ ਇਕ ਉੱਚਾ ਹੁਨਰ ਹੈ।'

ਗੰਗਾ ਦੀਨ ਆਪ ਬਹੁਤ ਮਧਰਾ ਸੀ। ਉਸ ਦਾ ਚਿਹਰਾ ਮੁਹਰਾ ਉਸ ਦੇ ਆਪਣੇ ਬਣਾਏ ਬੂਟਾਂ ਵਰਗਾ ਸਾਫ਼ ਸੀ। ਉਸ ਉਤੇ ਕੋਈ ਦਿਖਾਵਾ ਜਾਂ ਹੋਛਾਪਣ ਨਹੀਂ ਸੀ। ਉਸ ਦੇ ਸਿਰ ਤੇ ਦਾੜ੍ਹੀ ਦੇ ਵਾਲ ਭੂਰੇ ਹੋ ਚੁੱਕੇ ਸਨ। ਪਰ ਉਸ ਦੀ ਅਵਾਜ਼ ਬੜੀ ਸਾਫ਼ ਸੀ। ਉਹ ਬੜੇ ਠਰ੍ਹੰਮੇ ਵਾਲਾ ਸੀ ਤੇ ਸਭ ਕੰਮ ਠੰਢੇ ਦਿਲ ਨਾਲ ਕਰਦਾ ਸੀ। ਉਸ ਦੀਆਂ ਅੱਖਾਂ ਵਿਚ ਚਮਕ ਸੀ, ਜੋ ਦਸਦੀ ਸੀ ਕਿ ਇਨ੍ਹਾਂ ਅੱਖਾਂ ਦਾ ਮਾਲਕ ਹਰ ਇਕ ਕੰਮ ਨਮੂਨੇ ਦਾ ਕਰਦਾ ਹੈ, ਆਪਣੀ ਸਾਰੀ ਵਾਹ ਲਾ ਕੇ ਕਰਦਾ ਹੈ ਅਤੇ ਆਪਣੇ ਦਿਲ ਦੇ ਪੂਰੇ ਚਾਉ ਨਾਲ ਕਰਦਾ ਹੈ। ਉਸ ਦਾ ਵੱਡਾ ਭਰਾ ਭਾਵੇਂ ਰਤਾ ਪਿਲੱਤਣ ਉਤੇ ਸੀ ਤੇ ਕੁਝ ਪਤਲਾ ਤੇ ਕੁੱਬਾ ਭੀ ਸੀ, ਪਰ ਉਹ ਗੰਗਾ ਦੀਨ ਨਾਲ ਏੱਨਾ ਰਲਦਾ ਸੀ ਕਿ ਮੈਨੂੰ ਕਈ ਵਾਰ ਪਤਾ ਹੀ ਨਹੀਂ ਸੀ ਲਗਦਾ ਕਿ ਮੈਂ ਉਨ੍ਹਾਂ ਵਿਚੋਂ ਕਿਸ ਨਾਲ ਗੱਲਾਂ ਕਰ ਰਿਹਾ ਹਾਂ। ਫੇਰ ਵੀ ਇਕ ਨਿਸ਼ਾਨੀ ਮੈਨੂੰ ਲਭੀ ਹੋਈ ਸੀ। ਜੇ ਤਾਂ ਮੇਰੇ ਨਾਲ ਗੱਲਾਂ ਕਰਨ ਵਾਲਾ ਕਹਿੰਦਾ ਕਿ ਮੈਂ ਭਰਾ ਨੂੰ ਪੁਛਾਂਗਾ ਤਾਂ ਮੈਂ ਸਮਝ ਲੈਂਦਾ ਕਿ ਇਹ ਵੱਡਾ ਭਰਾ ਹੈ; ਜੇ ਉਹ ਇਹ ਨਾ ਕਹਿੰਦਾ ਤਾਂ ਗੰਗਾ ਦੀਨ ਹੁੰਦਾ।

ー੬੨ー