ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ ਦੀਨ

ਬੂਟ ਬਣਾਉਂਦਾ ਸੀ।' ਇਹ ਕਹਿੰਦਿਆਂ ਹੀ ਉਸ ਨੇ ਆਪਣੇ ਨੰਗੇ ਸਿਰ ਤੇ ਹੱਥ ਫੇਰਿਆ। ਉਥੇ ਵਾਲ ਓਨੇ ਕੁ ਹੀ ਰਹਿ ਗਏ ਸਨ ਜਿੰਨੇ ਕੁ ਉਸ ਦੇ ਭਰਾ ਦੇ ਸਿਰ ਤੇ ਹੁੰਦੇ ਸਨ, ਤੇ ਫਿਰ ਕਹਿਣ ਲਗਾ, 'ਉਸ ਤੋਂ ਦੁਕਾਨ ਖੁੱਸਣ ਦੀ ਸਟ ਨਹੀਂ ਸਹਾਰੀ ਗਈ। ਕੀ ਤੁਹਾਨੂੰ ਕੋਈ ਬੂਟ ਚਾਹੀਦਾ ਹੈ?' ਉਸ ਨੇ ਹਥਲਾ ਚਮੜਾ ਮੈਨੂੰ ਵਿਖਾਇਆ ਤੇ ਕਹਿਣ ਲਗਾ, 'ਇਹ ਚਮੜਾ ਬੜਾ ਸੋਹਣਾ ਹੈ।'

ਮੈਂ ਦੋ ਕੁ ਜੋੜਿਆਂ ਦੀ ਸਾਈ ਦੇ ਦਿਤੀ। ਕਈ ਸਾਤੇ ਲੰਘਣ ਪਿਛੋਂ ਮੈਨੂੰ ਬੂਟ ਮਿਲੇ, ਪਰ ਇਹ ਅੱਗੇ ਨਾਲੋਂ ਭੀ ਚੰਗੇ ਸਨ। ਉਨ੍ਹਾਂ ਨੂੰ ਜਿੰਨਾ ਵਰਤਦਾ ਸਾਂ ਓਨੇ ਹੀ ਸੋਹਣੇ ਨਿਕਲਦੇ ਆਉਂਦੇ ਸਨ! ਛੇਤੀ ਹੀ ਮੈਨੂੰ ਕਿਤੇ ਬਾਹਰ ਜਾਣਾ ਪੈ ਗਿਆ।

ਵਰ੍ਹੇ ਤੋਂ ਵਧੀਕ ਮੈਂ ਬਾਹਰ ਰਿਹਾ। ਵਾਪਸ ਆ ਕੇ ਮੈਂ ਪਹਿਲਾਂ ਪਹਿਲ ਗੰਗਾ ਦੀਨ ਦੀ ਦੁਕਾਨ ਤੇ ਹੀ ਗਿਆ। ਮੈਂ ੬੦ ਵਰ੍ਹੇ ਦਾ ਗੰਗਾ ਦੀਨ ਛਡ ਕੇ ਗਿਆ ਸਾਂ ਤੇ ਇਕ ਵਰ੍ਹੇ ਪਿਛੋਂ ੭੫ ਵਰ੍ਹਿਆਂ ਦੇ ਗੰਗਾ ਦੀਨ ਨੂੰ ਆ ਵੇਖਿਆ। ਇਕ ਵਰ੍ਹੇ ਵਿਚ ਉਹ ੧੫ ਵਰ੍ਹੇ ਜਿੰਨਾ ਬੁਢਾ ਹੋ ਗਿਆ ਸੀ। ਉਸ ਨੇ ਪਹਿਲਾਂ ਤਾਂ ਮੈਨੂੰ ਸਿਵਾਣਿਆ ਹੀ ਨਾ।

ਤਾਂ ਮੈਂ ਉਸ ਨੂੰ ਕਿਹਾ, 'ਗੰਗਾ ਦੀਨ! ਤੁਹਾਡੇ ਬੂਟ ਬਹੁਤ ਸੋਹਣੇ ਹੁੰਦੇ ਹਨ। ਮੈਂ ਇਹ ਬੂਟ ਓਦੋਂ ਦਾ ਰੋਜ਼ ਪਾਉਂਦਾ ਹਾਂ, ਅਜੇ ਭੀ ਇਹ ਨਵੇਂ ਨਿਕੋਰ ਦਿਸਦੇ ਹਨ।'

ਗੰਗਾ ਦੀਨ ਕਿੰਨਾ ਚਿਰ ਮੇਰੇ ਬੂਟਾਂ ਵਲ ਵੇਖਦਾ ਰਿਹਾ। ਫੇਰ ਉਨ੍ਹਾਂ ਨੂੰ ਟੋਹ ਟਾਹ ਕੇ ਕਹਿਣ ਲਗਾ, 'ਇਹ ਅਡੀ ਵਲੋਂ ਲੱਗੇ ਤਾਂ ਨਹੀਂ? ਮੈਨੂੰ ਡਰ ਹੀ ਰਿਹਾ ਸੀ।'

'ਨਹੀਂ। ਇਹ ਬੜੇ ਸੋਹਣੇ ਮੇਚੇ ਆਏ ਸਨ।'

ਉਹ ਪੁਛਣ ਲਗਾ, 'ਹੋਰ ਜੋੜਾ ਚਾਹੀਦਾ ਹੈ? ਮੈਂ ਛੇਤੀ ਹੀ ਬਣਾ ਦਿਆਂਗਾ। ਅਜ ਕਲ ਕੰਮ ਕੋਈ ਨਹੀਂ।'

ー੬੯ー