ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੰਗਾ ਦੀਨ

ਹਨ। ਮੈਂ ਜਦ ਦੁਕਾਨ ਤੇ ਪੁਜਾ ਤਾਂ ਮੈਂ ਵੇਖਿਆ ਕਿ ਉਹ ਗੱਤੇ ਦਾ ਬੋਰਡ ਉਥੇ ਹੈ ਨਹੀਂ, ਪਰ ਉਥੇ ਬੂਟ ਭਾਂਤ ਭਾਂਤ ਦੇ ਪਏ ਸਨ ਤੇ ਦੁਕਾਨ ਸਜੀ ਹੋਈ ਸੀ। ਮੈਂ ਘਬਰਾਇਆ ਹੋਇਆ ਅੰਦਰ ਵੜਿਆ। ਦੋਵੇਂ ਦੁਕਾਨਾਂ ਫਿਰ ਇਕੋ ਬਣੀਆਂ ਹੋਈਆਂ ਸਨ ਤੇ ਮੈਨੂੰ ਇਕ ਜਵਾਨ ਆਦਮੀ ਸਾਫ਼ ਕਪੜਿਆਂ ਵਿਚ ਕਸਿਆ ਹੋਇਆ ਮਿਲਿਆ।

ਮੈਂ ਕਿਹਾ, 'ਗੰਗਾ ਦੀਨ ਅੰਦਰ ਹੈ?'

ਉਸ ਨੇ ਹਰਾਨੀ ਨਾਲ ਮੇਰੇ ਵੱਲ ਤਕਿਆ, ਤੇ ਕਹਿਣ ਲਗਾ, 'ਨਹੀਂ ਜੀ, ਨਹੀਂ। ਤੁਸੀ ਹੁਕਮ ਕਰੋ। ਇਹ ਸਾਰੀ ਦੁਕਾਨ ਅਸਾਂ ਲੈ ਲਈ ਹੈ। ਤੁਸੀਂ ਸਾਡਾ ਬੋਰਡ ਨਹੀਂ ਦੇਖਿਆ? ਅਸੀਂ ਵਡੇ ਵਡੇ ਘਰਾਂ ਵਿਚ ਬੂਟ ਭੇਜਦੇ ਹਾਂ। ਤੁਸੀਂ ਹੁਕਮ ਕਰੋ।'

'ਠੀਕ ਹੈ, ਪਰ ਗੰਗਾ ਦੀਨ?'

'ਉਹ ਤਾਂ ਮਰ ਗਿਆ'

'ਮਰ ਗਿਆ! ਉਹ ਕਦੋਂ? ਅਜੇ ਅਗਲੇ ਦਿਨ ਤਾਂ ਮੈਂ ਉਸ ਤੋਂ ਬੂਟ ਮੰਗਵਾਏ ਹਨ।'

'ਉਹ ਵਿਚਾਰਾ ਭੁੱਖਾ ਹੀ ਮਰ ਗਿਆ। ਹਕੀਮ ਨੇ ਕਿਹਾ ਸੀ ਕਿ ਉਹ ਕੰਮ ਬਹੁਤਾ ਕਰਦਾ ਰਿਹਾ ਹੈ ਤੇ ਖਾਣ ਨੂੰ ਘਟ ਮਿਲਦਾ ਰਿਹਾ ਸੂ। ਉਹ ਬੂਟ ਏਨੀ ਰੀਝ ਨਾਲ ਬਣਾਉਂਦਾ ਸੀ ਕਿ ਸਾਈਆਂ ਦੇਣ ਵਾਲੇ ਕਾਹਲੇ ਪੈ ਜਾਂਦੇ ਸਨ ਤੇ ਉਹ ਕਈ ਦਿਨ ਲਾ ਛਡਦਾ ਸੀ। ਇਉਂ ਉਸ ਦੇ ਗਾਹਕ ਸਾਰੇ ਟੁਟ ਗਏ ਸਨ ਤੇ ਵਿਚਾਰਾ ਪੈਸਿਆਂ ਖੁਣੋਂ ਹੀ ਮਰ ਗਿਆ। ਉਸ ਜਿਹੇ ਬੂਟ ਸਾਰੇ ਪੰਜਾਬ ਵਿਚ ਕੋਈ ਨਹੀਂ ਸੀ ਬਣਾ ਸਕਦਾ। ਪਰ ਦੇਖੋ ਨਾ ਜੀ, ਅਜ ਕਲ ਮੁਕਾਬਲੇ ਦੇ ਦਿਨ ਹੋਏ। ਉਸ ਕਦੇ ਇਸ਼ਤਿਹਾਰ ਨਹੀਂ ਸੀ ਕੀਤਾ। ਉਹ ਚਮੜਾ ਬੜਾ ਕੀਮਤੀ ਵਰਤਦਾ ਸੀ, ਤੇ ਸਾਰਾ ਕੰਮ ਆਪਣੀ ਹੱਥੀਂ ਕਰਦਾ ਸੀ। ਭਲਾ ਅਜ ਕਲ ਏਦਾਂ ਗੁਜ਼ਾਰਾ ਪਿਆ ਹੈ!' ਮੈਂ ਕਿਹਾ, 'ਠੀਕ ਹੈ।'

ー੭੧ー