ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਨਾਨਕ ਦੇਵ ਦਾ ਦੇਸ-ਪਿਆਰ

ਗੁਰੂ ਨਾਨਕ ਸਾਹਿਬ ਦੇ ਦਿਲ ਵਿਚ ਜਿਥੇ ਸਾਰੇ ਸੰਸਾਰ ਲਈ ਪ੍ਰੇਮ ਸੀ, ਉਥੇ ਆਪਣੇ ਵਤਨ ਲਈ ਭੀ ਖ਼ਾਸ ਲਗਨ ਸੀ। ਤੁਖਾਰੀ ਛੰਤ ਮਹਲਾ ੧ ਤੋਂ ਮਲੂਮ ਹੁੰਦਾ ਹੈ ਕਿ ਜਦ ਗੁਰੂ ਜੀ ਜੋਤੀ ਜੋਤਿ ਸਮਾਉਣ ਲਗੇ, ਤਾਂ ਇਕ ਪਾਸੇ ਖ਼ੁਸ਼ੀ ਸੀ ਕਿ ਆਪਣੇ ਵਾਹਿਗੁਰੂ ਦੇ ਪਾਸ ਜਾਣ ਲਗੇ ਹਾਂ, ਪਰ ਦੂਜੇ ਪਾਸੇ ਆਪਣੇ ਸੋਹਣੇ ਦੇਸ ਤੋਂ ਵਿਛੜਨ ਦਾ ਭੀ ਖ਼ਿਆਲ ਸੀ। ਭਾਵੇਂ ਗੁਰੂ ਜੀ ਆਪਣੀਆਂ ਅੱਖਾਂ ਕਰਤਾਰਪੁਰ ਵਿਚ ਮੀਟਦੇ ਹਨ, ਪਰ ਜਿਹੜੇ ਨਜ਼ਾਰੇ ਅੱਖਾਂ ਅੱਗੇ ਲਿਆਉਂਦੇ ਹਨ, ਓਹ ਨਨਕਾਣੇ ਸਾਹਿਬ ਦੇ ਹਨ, ਜਿਥੇ ਬਚਪਨ ਗੁਜ਼ਾਰਿਆ ਸੀ, ਅਤੇ ਜਿਥੇ ਪਸ਼ੂ ਚਾਰਦਿਆਂ ਕੜਕਦੀ ਦੁਪਹਿਰ ਵੇਲੇ ਕਿਧਰੇ ਲੰਮੇ ਪਿਆਂ ਪਿਆਂ ਬੀਂਡਾ ਬੋਲਦਾ ਸੁਣਿਆ ਸੀ ('ਟੀਡੁ ਲਵੈ ਮੰਝਿ ਬਾਰੇ')। ਅੱਧੀ ਸਦੀ ਮਗਰੋਂ ਚੇਤੇ ਆਉਂਦਾ ਹੈ ਕਿ ਹੁਣ ਮੇਰੀ ਜਨਮ-ਭੂਮੀ 'ਬਾਰ' ਵਿਚ ਵਣ ਦਾ ਰੁੱਖ ਫੁੱਲਿਆ ਹੋਣਾ ਹੈ ('ਬਨ ਫੁਲੇ ਮੰਝ ਬਾਰਿ'), ਜਾਂ ਹੁਣ ਉਥੇ ਲੰਮੇ ਲੰਮੇ ਘਾਹਾਂ ਨੇ ਬੁੰਬਲ ਕਢੇ ਹੋਣੇ ਨੇ ('ਕੁਕਹ ਕਾਹ ਸਿ ਫੁਲੇ)। ਇਹੋ ਜਹੇ ਹੋਰ ਕਈਆਂ ਸ਼ਬਦਾਂ ਤੋਂ ਸਿਧ ਹੁੰਦਾ ਹੈ ਕਿ ਜਿਹੜਾ ਗੁਰੂ ਨਾਨਕ ਸਾਰੇ ਜਹਾਨ ਦਾ ਸੀ, ਉਹ ਪੰਜਾਬ ਦਾ ਪੰਜਾਬੀ ਅਤੇ ਉਸ ਦੇ ਇਕ ਖ਼ਾਸ ਇਲਾਕੇ 'ਬਾਰ' ਦਾ ਵਸਨੀਕ ਭੀ ਸੀ, ਜਿਥੇ ਕਣਕ, ਕਪਾਹ ਤੇ ਗੰਨੇ ਬਹੁਤ ਹੁੰਦੇ ਹਨ।

ਵਤਨ-ਪਿਆਰ ਦੀ ਤਹਿ ਵਿਚ ਘਰ ਦਾ ਪਿਆਰ ਹੁੰਦਾ ਹੈ, ਜਿਸ ਨਾਲ ਘਰ ਦੇ ਲੋਕ, ਘਰੋਕੀ ਵਸਤਾਂ ਅਤੇ ਘਰੋਕੀ ਰਹਿਣੀ ਬਹਿਣੀ ਚੰਗੀ ਲਗਦੀ ਹੈ। ਇਸ ਸੰਬੰਧ ਵਿਚ ਘਰੋਕੀ ਬੋਲੀ ਤੇ ਸੰਜਮ ਦਾ ਪਿਆਰ ਬਹੁਤ ਪ੍ਰਬਲ ਹੁੰਦਾ ਹੈ, ਕਿਉਂਕਿ ਇਨ੍ਹਾਂ ਦੇ ਹੀ ਆਸਰੇ ਸਾਡਾ ਕੌਮੀ ਆਚਰਣ ਬਣਦਾ ਅਤੇ ਕੌਮੀ ਸੱਭਿਤਾ ਉਸਰਦੀ ਤੇ ਨਿਸਰਦੀ ਹੈ। ਕੌਮੀ ਜਾਗ੍ਰਤ ਆ

ー੭੩ー