ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵਾਂ ਜ਼ਮਾਨਾ

ਤਾਂ ਵੱਡੇ ਵੱਡੇ ਮਹਾਤਮਾ, ਅਵਤਾਰ, ਤੇ ਪੀਰ ਪਗੰਬਰ ਆਪਣੇ ਆਪ ਨੂੰ ਖ਼ਾਸ ਅਧਿਕਾਰੀ ਮੰਨ ਕੇ ਆਮ ਲੋਕਾਂ ਨੂੰ ਹਾਕਮਾਨਾ ਲਹਿਜੇ ਵਿਚ ਆਗਿਆ ਕਰਦੇ ਸਨ ਅਤੇ ਐਹੋ ਜਹੀ ਬੋਲੀ ਵਰਤਦੇ ਸਨ: "ਹੇ ਥਕੇ ਹੋਇਓ! ਮੇਰੇ ਪਾਸ ਆਓ, ਮੈਂ ਤੁਹਾਨੂੰ ਜ਼ਿੰਦਗੀ ਦਾ ਪਾਣੀ ਦੇਵਾਂਗਾ।" "ਸਾਰੇ ਰਸਤੇ ਮੇਰੇ ਵਲ ਲਿਆਉਂਦੇ ਹਨ।" ਇਹੋ ਜਹੇ ਲਫ਼ਜ਼ ਅਜ ਕਲ ਦੀ ਵਧੀ ਹੋਈ ਸਭਿੱਤਾ ਦੇ ਅਨੁਕੂਲ ਨਹੀਂ, ਕਿਉਂਕਿ ਇਨ੍ਹਾਂ ਵਿਚ ਉਹ ਬਰੀਕ ਜਹੀ ਨਿਮਰਤਾ ਨਹੀਂ ਜੋ ਇਕ ਉੱਚੀ ਸ਼ਰਾਫ਼ਤ ਵਾਲੇ ਜੈਂਟਲਮੈਨ ਵਿਚ ਹੋਣੀ ਚਾਹੀਦੀ ਹੈ। ਨੇਕੀ ਦਾ ਭਾਵ ਬਹੁਤ ਕੋਮਲ ਹੋ ਗਿਆ ਹੈ, ਅਤੇ ਨਾਲ ਹੀ ਇਸ ਦੀ ਪਰਖ ਦਾ ਮਿਆਰ ਭੀ ਉੱਚਾ ਹੋ ਗਿਆ ਹੈ, ਜਿਸ ਨਾਲ ਦਿਆਨਤਦਾਰੀ ਅਤੇ ਪਬਲਕ ਆਚਰਣ ਦੇ ਨੇਮਾਂ ਦੀ ਜ਼ਰਾ ਜਿੰਨੀ ਉਲੰਘਣਾ ਭੀ ਝਟ ਪਟ ਪ੍ਰਤੀਤ ਹੋ ਜਾਂਦੀ ਹੈ। ਜੰਗ ਕਰਨਾ ਅਜੇ ਨਾਮੁਮਕਨ ਤਾਂ ਨਹੀਂ ਹੋ ਗਿਆ, ਪਰ ਜੰਗ ਕਰਨ ਵੇਲੇ ਹਰ ਇਕ ਧਿਰ ਇਸ ਨੂੰ ਬੁਰਾ ਸਮਝ ਕੇ ਇਸ ਦੀ ਜ਼ਿਮੇਂਵਾਰੀ ਲੈਣ ਤੋਂ ਕੰਨੀ ਕਤਰਾਂਦੀ ਹੈ। ਅੱਗੇ ਉਹ ਜ਼ਮਾਨਾ ਸੀ ਕਿ ਬਾਬਰ ਜਹੇ ਭਲੇਮਾਣਸ ਭੀ ਤਲਵਾਰ ਲੈ ਕੇ ਕਿਸੇ ਹੋਰ ਦੇਸ ਉਤੇ ਹਮਲਾ ਕਰਨ ਨੂੰ ਮਰਦਾਨਗੀ ਸਮਝਦੇ ਸਨ, ਬਲਕਿ 'ਸੁਲਤਾਨ' ਅਖਵਾ ਹੀ ਉਹ ਸਕਦਾ ਸੀ ਜੋ ਤਲਵਾਰ ਦੇ ਜ਼ੋਰ ਨਾਲ ਕਿਸੇ ਮੁਲਕ ਨੂੰ ਨਿਵਾ ਲਵੇ। ਹੁਣ ਹਿਟਲਰ ਭੀ ਕਹਿੰਦਾ ਹੈ ਕਿ ਤਲਵਾਰ ਮੇਰੇ ਹਥ ਵਿਚ ਧੀਂਗੋ ਜ਼ੋਰੀ ਦੂਜੀ ਧਿਰ ਨੇ ਫੜਾਈ ਹੈ। ਇਹ ਗਲ ਆਖਣ ਵਿਚ ਭਾਵੇਂ ਉਸ ਦੀ ਨੀਅਤ ਠੀਕ ਨਹੀਂ, ਪਰ ਤਲਵਾਰ ਉਠਾਉਣ ਦੀ ਜ਼ਿਮੇਵਾਰੀ ਨੂੰ ਤਾਂ ਉਹ ਮਾੜਾ ਹੀ ਮੰਨਦਾ ਹੈ। ਇਹ ਗਲ ਕਰੀਬਨ ਹਰ ਇਕ ਮਹੱਜ਼ਬ ਦੇਸ ਮੰਨ ਗਿਆ ਹੈ ਕਿ ਕਿਸੇ ਕੌਮ ਉਤੇ ਉਸ ਦੀ ਮਰਜ਼ੀ ਦੇ ਵਿਰੁਧ ਕਿਸੇ ਹੋਰ ਕੌਮ ਦਾ ਰਾਜ ਕਰਨਾ ਠੀਕ ਨਹੀਂ। ਕੌਮਾਂਤਰੀ ਲੀਗ ਦਾ ਬਣਨਾ ਹੀ ਦਸਦਾ ਹੈ ਕਿ ਸੰਸਾਰ ਦੀਆਂ ਆਗੂ ਕੌਮਾਂ ਜੰਗ ਦੇ ਖ਼ਿਆਲ ਨੂੰ ਬੁਰਾ ਸਮਝਣ ਲੱਗ ਪਈਆਂ ਹਨ, ਅਤੇ ਆਪੋ ਵਿਚ ਦੇ ਝਗੜਿਆਂ ਨੂੰ ਪ੍ਰਸਪਰ ਵਿਚਾਰ ਅਤੇ

ー੫ー