ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਆਂ ਸੋਚਾਂ

ਤੂੰ ਪਸੂ ਹੈਂ। ਸ਼ੁਕਰ ਕਰ ਕਿ ਤੂੰ ਬੰਦਾ ਨਹੀਂ। ਆਪਣੇ ਮਾਲਕ ਦਾ ਭਾਰ ਢੋ ਕੇ ਕੇਵਲ ਆਪਣੇ ਚਾਰੇ ਅਤੇ ਪਾਣੀ ਉਤੇ ਸਬਰ ਕਰਦਾ ਹੈਂ। ਤੈਨੂੰ ਖੋਤਾ ਕਹਿੰਦਿਆਂ ਮੈਨੂੰ ਤਾਂ ਸ਼ਰਮ ਆਉਂਦੀ ਹੈ। ਹੁਣ ਜਦੋਂ ਪਾਣੀ ਪੀ ਕੇ ਤੂੰ ਸਿਰ ਉੱਚਾ ਕਰ ਕੇ ਉਸ ਅਰਸ਼ੀ ਪ੍ਰੀਤਮ ਦਾ ਸ਼ੁਕਰ ਕਰਦਾ ਹੈਂ ਅਤੇ ਆਪਣੇ ਮਾਲਕ ਵਲ ਪਾਰਖੂ ਸਿਰ ਨਾਲ ਸਿਜਦੇ ਕਰਦਾ ਹੈਂ ਤਾਂ ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਸੰਸਾਰ ਵਿਚ ਮੈਨੂੰ ਇੱਕ ਤਾਂ ਰੱਬ ਨੂੰ ਪਛਾਣਨ ਵਾਲਾ ਲਭਾ ਹੈ। ਜਦ ਤੂੰ ਆਪਣੇ ਸਿਆਣੇ ਕੰਨਾਂ ਨੂੰ ਇਧਰ ਉਧਰ ਹਿਲਾਉਂਦਾ ਹੈਂ, ਤਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਤੂੰ ਅਕਲ ਦੇ ਦਫਤਰ ਦੀਆਂ ਫਾਈਲਾਂ ਫੋਲਦਾ ਮੇਰੇ ਪਾਣੀ, ਮੇਰੇ ਠੰਢੇ ਤੇ ਮਿਠੇ ਪਾਣੀ ਦੇ ਗੁਣਾਂ ਉਤੇ ਵਿਚਾਰ ਕਰਦਾ ਹੈਂ। ਉਸ ਵੇਲੇ ਮੈਂ ਖੁਸ਼ੀ ਵਿਚ ਮੌਲਦਾ ਹਾਂ। ਹੁਣ ਜ਼ਰਾ ਲੱਕ ਸਿਧਾ ਕਰਨ ਵਾਸਤੇ ਪਰੇ ਹੋ ਕੇ ਲੇਟ ਜਾ।

ਔਹ ਵੇਖੋ, ਮੇਰਾ ਨਿੱਕਾ ਜਿਹਾ ਦੋਸਤ ਸਕੂਲੋਂ ਛੁੱਟੀ ਹੋਣ ਤੇ ਆ ਰਿਹਾ ਹੈ। ਕਿਡਾ ਹਸੂੰ ਹਸੂੰ ਕਰਦਾ ਚਿਹਰਾ ਹੈ! ਬਸਤਾ ਕਛ ਵਿਚ ਹੈ! ਏਧਰ ਆ ਮਿਤਰਾ, ਬਸਤਾ ਮੇਰੇ ਮੋਢੇ ਤੇ ਰਖ ਦੇ। ਸ਼ਾਲਾ ਮੇਰੇ ਹੱਥ ਹੁੰਦੇ ਤਾਂ ਮੈਂ ਆਪਣੇ ਹੱਥਾਂ ਨਾਲ ਇਸ ਚੰਨ ਵਰਗੇ ਮੁਖੜੇ ਨੂੰ ਧੋਂਦਾ। ਤੇਰੇ ਨਿਕੇ ਬੁਕ ਵਿਚ ਕਿੰਨਾ ਕੁ ਪਾਣੀ ਆ ਜਾਊ ਅਤੇ ਕਿੰਨਾ ਚਿਰ ਤੂੰ ਪਾਣੀ ਪੀਂਦਾ ਰਹੇਂਗਾ! ਇਉਂ ਨਾ ਕਰ। ਮੇਰੇ ਢਿਡ ਤੋਂ ਲੋਹੇ ਦਾ ਪਿਆਲਾ ਲਾਹ, ਸੰਗਲੀ ਖੋਲ੍ਹ ਤੇ ਪਿਆਲੇ ਨੂੰ ਮੇਰੇ ਨੱਕ ਥਲੇ ਕਰ ਲੈ ਹੁਣੇ ਆਉਂਦਾ ਹੈ ਪਾਣੀ। ਚੰਗੀ ਤਰ੍ਹਾਂ ਮੂੰਹ ਧੋ ਲੈ ਤੇ ਰੱਜ ਕੇ ਪਾਣੀ ਪੀ। ਕਿਸਤਰ੍ਹਾਂ ਦਾ ਸਾਫ਼ ਪਾਣੀ ਹੈ! ਤੇਰੇ ਭੋਲੇ ਭਾਲੇ ਚਿਹਰੇ ਉਤੇ ਰੱਬੀ ਨੂਰ ਲਿਸ਼ਕਦਾ ਹੈ। ਜੇ ਕਿਤੇ ਮੇਰੀਆਂ ਬਾਹਾਂ ਹੁੰਦੀਆਂ ਤਾਂ ਮੈਂ ਤੈਨੂੰ ਘੁਟ ਕੇ ਗਲਵਕੜੀ ਪਾਉਂਦਾ। ਮੌਜਾਂ ਮਾਣ, ਬੁਲੇ ਲੁਟ, ਆਦਮੀ ਦੇ ਬੱਚੇ! ਤੇਰਾ ਖਿੜਿਆ ਹੋਇਆ ਚਿਹਰਾ ਦਸਦਾ

ー੮੬ー