ਪੰਨਾ:ਨਵੀਆਂ ਸੋਚਾਂ - ਪ੍ਰੋਫ਼ੈਸਰ ਤੇਜਾ ਸਿੰਘ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਮ ਸਿੰਘ ਦਾ ਸੁਭਾ

ਇਕ ਜ਼ਨਾਨੀ ਗੱਡੀ ਵੱਲ ਗਿਆ ਤੇ ਉਥੇ ਆਪਣੇ ਇੱਕ ਬੱਚੇ ਨੂੰ ਕੁਝ ਫਲ ਮੁਲ ਲੈ ਕੇ ਦੇ ਆਇਆ। ਉਸ ਦੇ ਮੁੜ ਕੇ ਪੁੱਜਣ ਤੋਂ ਪਹਿਲਾਂ ਹੀ ਮੈਂ ਆਪਣੀ ਥਾਂ ਤੇ ਮਚਲਾ ਹੋ ਕੇ ਬਹਿ ਗਿਆ, ਜਿਵੇਂ ਕਿ ਮੈਂ ਉਹਨੂੰ ਦੇਖਿਆ ਹੀ ਨਹੀਂ ਹੁੰਦਾ। ਆਉਂਦਿਆਂ ਉਸ ਫੇਰ ਉਹੋ ਚੱਕੀ ਝੋ ਦਿਤੀ-"ਹੇ ਰੱਬਾ! ਦੇਖੋ ਜੀ ਕਿੱਨੀ ਭੀੜ ਹੈ! ਕਿਤੇ ਤਿਲ ਸਿੱਟਿਆਂ ਭੁੰਜੇ ਨਹੀਂ ਪੈਂਦਾ। ਲੋਕੀ ਬਾਹਰ ਲਮਕੇ ਪਏ ਹਨ ਤੇ ਕਈ ਉਤਾਂਹ ਗਡੀ ਦੀ ਛੱਤ ਤੇ ਚੜ੍ਹੇ ਬੈਠੇ ਹਨ। ਮੈਂ ਸਾਰੀ ਗੱਡੀ ਫਿਰ ਆਇਆ ਹਾਂ। ਤੀਜੇ ਦਰਜੇ ਵਿਚ ਤਾਂ ਬੜਾ ਭੈੜਾ ਹਾਲ ਹੈ। ਅਜੇਹੀ ਭੀੜ ਵੇਲੇ ਜ਼ਨਾਨੀਆਂ ਨੂੰ ਨਾਲ ਲਿਆਉਣਾ ਕਿਧਰ ਦੀ ਸਿਆਣਪ ਹੈ?"

ਗੱਡੀ ਤੁਰ ਪਈ। ਪਤਾ ਨਹੀਂ ਇਹ ਚਰਚਾ ਅਜੇ ਕਦੋਂ ਕੁ ਮੁਕਣੀ ਸੀ, ਕਿ ਸਾਡੇ ਵਾਲੇ ਡੱਬੇ ਵਿੱਚ ਚਿਮਟਾ ਵੱਜਣਾ ਸ਼ੁਰੂ ਹੋ ਗਿਆ। ਇਹ ਇੱਕ ਭਾਟੜਾ ਮੁੰਡਾ ਸੀ, ਜੋ ਗਾ ਕੇ ਪੈਸੇ ਮੰਗਦਾ ਸੀ। ਉਸ ਗੀਤ ਮੁਕਾਇਆ, ਤੇ ਪੈਸਿਆਂ ਲਈ ਹੱਥ ਅੱਡੇ। ਪ੍ਰੀਤਮ ਸਿੰਘ ਕਦੀ ਮੇਰੇ ਵਲ ਤੇ ਕਦੀ ਉਸ ਵਲ ਤੱਕੇ। ਮੈਂ ਜਾਣ ਬੁਝ ਕੇ ਉਠਿਆ ਤੇ ਬਾਰੀ ਥਾਣੀਂ ਬਾਹਰ ਝਾਕਣ ਲਗ ਪਿਆ। ਮੈਂ ਚੋਰ-ਅੱਖੀਂ ਉਸ ਵਲ ਧਿਆਨ ਰੱਖਿਆ। ਪ੍ਰੀਤਮ ਸਿੰਘ ਨੇ ਮੇਰਾ ਧਿਆਨ ਬਾਹਰ ਜਾਣ ਕੇ ਉਸ ਨੂੰ ਇਕ ਚੁਆਨੀ ਦੇ ਦਿਤੀ, ਤੇ ਫਿਰ ਅਗੇ ਵਾਂਗੂ ਗੁਸੈਲਾ ਮੂੰਹ ਬਣਾ ਕੇ ਬਹਿ ਗਿਆ। ਉਹ ਮੁੰਡਾ ਦੂਖ ਨਿਵਾਰਨ ਦੇ ਸਟੇਸ਼ਨ ਤੇ ਉਤਰ ਗਿਆ।

ਪ੍ਰੀਤਮ ਸਿੰਘ-ਇਨ੍ਹਾਂ ਮੁੰਡਿਆਂ ਨੂੰ ਕਦੇ ਕੁਝ ਨਹੀਂ ਦੇਣਾ ਚਾਹੀਦਾ। ਇਹ ਇੱਦਾਂ ਪੈਸੇ ਕੱਠੇ ਕਰ ਮਾਪਿਆਂ ਨੂੰ ਭੇਜਦੇ ਹਨ।

ਮੈਂ-ਤੇ ਜੇਹੜੇ ਯਤੀਮ ਹੋਣ?

ਪ੍ਰੀਤਮ ਸਿੰਘ-ਓਹ ਯਤੀਮਖਾਨੇ ਜਾਣ। ਉਥੇ ਰੋਟੀ ਕਪੜਾ ਮਿਲ ਜਾਂਦਾ ਏ। ਨਾਲੇ ਪੜ੍ਹਾਈ ਸਿਖਾਈ ਦਾ ਪ੍ਰਬੰਧ ਹੈ। ਇਹ ਮੁੰਡੇ ਗਿਲਤੀਆਂ ਬੰਨ੍ਹ ਕੇ ਆਪਣੇ ਆਪ ਨੂੰ ਸੰਤ ਤੇ ਯਤੀਮ ਦੱਸਦੇ ਹਨ। ਇਹ ਭਲੇਮਾਣਸ

ー੯੩ー