ਪੰਨਾ:ਨਵੀਨ ਚਿੱਠੀ ਪੱਤਰ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯)

ਆਉਣ ਵਾਲੀ ਮੇਰੀ ਪਿਆਰੀ ਪੁਤ੍ਰੀ ਹਰਬੰਸ ਜੀ। ਇਥੇ ਖੈਰ ਖ਼ਰੀਅਤ ਹੈ, ਆਪ ਦਾ ਸੁਖ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੀਲੇ ਘੋੜੇ ਵਾਲੇ, ਚਿੱਟਿਆਂ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਪਾਸੋਂ ਮੰਗਦੀ ਹਾਂ। ਹੋਰ ਜੀ ਤੁਸੀ ਚਿਠੀ ਛੇਤੀ ਛੇਤੀ ਪਾਇਆ ਕਰੋ। ਕਈ ਵਰ੍ਹੇ ਹੀ ਬੀਤ ਗਏ ਹਨ ਤੁਹਾਡੀ ਕੋਈ ਚਿਠੀ ਨਹੀਂ ਆਈ, ਦਿਲ ਡਾਢਾ ਹੁਸੜ ਗਿਆ ਹੈ, ਸੁਫਨਿਆਂ ਵਿਚ ਵੀ ਮੈਨੂੰ ਤੁਸੀ ਹੀ ਦਿਸਦੇ ਰਹਿੰਦੇ ਹੋ। ਪਿਆਰੀ ਬੱਚੀ ਜੀ! ਮੈਂ ਤੁਹਾਡੇ ਬਿਨਾਂ ਡਾਢੀ ਓਦਰ ਗਈ ਹਾਂ। ਹੋਰ ਜੀ ਬੱਚੀ ਜੀ ਕਦਣ ਮਿਲਸੋ? ਮੈਂ ਹਰ ਵੇਲੇ ਤੁਹਾਨੂੰ ਹੀ ਯਾਦ ਕਰਦੀ ਰਹਿੰਦੀ ਹਾਂ। ਕਿਹੜਿਆਂ ਦੇਸਾਂ ਵਿਚ ਜਾ ਵਸੇ ਹੋ? ਮੈਂ ਤਾਂ ਤੁਹਾਡਿਆਂ ਮੂੰਹਾਂ ਨੂੰ ਸਹਿਕ ਗਈ ਹਾਂ। ਬੱਚੀ ਜੀ ਤੁਸਾਂ ਕਿਥੇ ਜਾ ਡੇਰੇ ਲਾਏ ਨੇ ਪ੍ਰਦੇਸਾਂ ਵਿਚ! ਹੋਰ ਜੀ ਇਥੇ ਸੁਖ ਸਾਂਦ ਹੈ, ਤੁਸਾਂ ਆਪਣਾ ਹਾਲ ਲਿਖਣਾ। ਬੱਚੀ ਜੀ ਜਿੰਦਰੀ ਦਾ ਕੀ ਹਾਲ ਹੈ? ਜਿੰਦਰੀ ਨੂੰ ਘੁਟ ਘੁਟ ਕੇ ਪਿਆਰ ਦੇਣੇ! ਹੁਣ ਤਾਂ ਵੱਡੀ ਹੋ ਗਈ ਹੋਸੀ। ਉਸਨੂੰ ਬਹੁਤ ਬਹੁਤ ਪਿਆਰ ਕਰਨਾ| ਪ੍ਰਤਾਪ ਸਿੰਘ ਹੁਰਾਂ ਨੂੰ ਅਸੀਸ ਦੇਣੀ। ਬੱਚੀ ਜੀ ਮੈਂ ਡਾਢੀ ਓਦਰ ਗਈ ਹਾਂ, ਹਰ ਵੇਲੇ ਮਾਲਾ ਦੇ ਮਣਕੇ ਵਾਂਗ ਤੁਹਾਨੂੰ ਸਿਮਰਦੀ ਰਹਿੰਦੀ ਆਂ।

ਤੁਹਾਡੀ ਵਿਛੜੀ ਹੋਈ ਮਾਂ,

ਮਾਇਆ ਵੰਤੀ

——————