ਪੰਨਾ:ਨਵੀਨ ਦੁਨੀਆ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਬਿਆ ਤੋ ਮੈਂ ਉਸ ਨੂੰ ਹੌਲੀ ਜਹੀ ਪੁੱਛਿਆ, "ਤੁਸੀਂ ਕੌਣ ਹੋ?"

"ਆ....ਹਾਂ ....ਹਾ....ਹਾਂ....ਵਾਹ ਸਰਦਾਰ ਜੀ ਬੜੇ ਅਜੀਬ ਆਦਮੀ ਹੋ, ਮੇਰੇ ਕੋਲ ਆਕੇ ਮੈਨੂੰ ਹੀ ਪੁਛਦੇ ਹੋ, ਮੈਂ ਕੌਣ ਹਾਂ।" ਉਹ ਉਚੀ ਉਚੀ ਹੱਸ ਰਹੀ ਸੀ।

"ਤੁਹਾਡਾ ਮਤਲਬ?" ਮੈਂ ਉਸਦੇ ਅਚਾਨਕ ਹਾਸੇ ਦਾ ਮਤਲਬ ਨਾ ਸਮਝਦਾ ਹੋਇਆ ਪੁਛਿਆ।

"ਮਤਲਬ ਕੋਈ ਖਾਸ ਨਹੀਂ, ਜਿਸ ਤਰ੍ਹਾਂ ਤੁਸੀਂ ਇਨਸਾਨ ਹੋ, ਉਸੇ ਤਰ੍ਹਾਂ ਦੀ ਮੈਂ ਹਾਂ, ਪਰ ਤੁਹਾਡੇ ਤੇ ਮੇਰੇ ਵਿਚ ਇਕ ਕੁਦਰਤੀ ਫਰਕ ਹੈ ਕਿ ਤੁਸੀਂ ਇਕ ਆਦਮੀ ਹੋ ਤੇ ਮੈਂ ਇਕ ਇਸਤ੍ਰੀ, ਇਕ ਵੇਸਵਾ, ਇਕ ਨਾਚੀ।"

"ਵੇਸਵਾ" ਲਫਜ਼ ਦੇ ਮੇਰੇ ਕੰਨ ਵਿਚ ਪੈਣ ਦੀ ਦੇਰ ਸੀ ਕਿ ਮੈਂ ਹੋਰ ਘਾਬਰ ਗਿਆ। ਹੁਣ ਮੈਨੂੰ ਪੂਰੀ ਤਰ੍ਹਾਂ ਉਸ ਆਦਮੀ ਦੇ "ਮਾਲ" ਦੀ ਸਮਝ ਆ ਗਈ ਸੀ। ਮੈਂ ਪੁਛਿਆ, "ਉਹ ਆਦਮੀ ਕੌਣ ਸੀ?"

"ਮੇਰਾ ਦਲਾਲ।" ਉਸਨੇ ਨਿਝਕ ਹੋਕੇ ਕਹਿ ਦਿਤਾ।

ਚੁਬਾਰਿਆਂ ਤੇ ਬੈਠਣ ਵਾਲੀਆਂ ਦੇ ਵਿਰੁਧ ਮੇਰੇ ਦਿਲ ਵਿਚ ਇਹ ਗਲ ਪਹਿਲੋਂ ਹੀ ਸਮਾ ਚੁਕੀ ਸੀ ਕਿ ਇਨ੍ਹਾਂ ਦੀ ਆਪਣੀ ਤਾਂ ਇਜ਼ਤ ਹੁੰਦੀ ਹੀ ਨਹੀਂ ਤੇ ਸ਼ਰੀਫ਼ਾਂ ਦੀ ਇਜ਼ਤ ਲਾਹੁਣ ਤੋਂ ਝਕਦੀਆਂ ਨਹੀਂ।

"ਕੇਹੜੇ ਵਹਿਮਾਂ ਵਿਚ ਪੈ ਗਏ ਹੋ, ਨਾਚ ਦੇਖੋਗੇ ਜਾਂ ਗਾਣਾ ਸੁਣੋਗੇ ਤੇ ਜਾਂ ਕੁਝ ਹੋਰ...? ਉਸ ਨੇ ਬੜੀ ਨਰਮੀ ਨਾਲ ਕਿਹਾ।

ਮੈਂ ਚੁਪ ਰਿਹਾ, ਕਹਿ ਕੀ ਸਕਦਾ ਸਾਂ? ਨਾ ਤਾਂ ਮੈਂ ਨਾਚ ਦੇਖਣ ਆਇਆ ਸਾਂ ਤੇ ਨਾ ਹੀ ਗਾਣਾ ਸੁਨਣ। ਪਤਾ ਨਹੀਂ ਕਿਉਂ ਮੇਰੇ ਮੂੰਹ ਚੋਂ ਇਕ ਲਫਜ਼ ਤਕ ਨਹੀਂ ਸੀ ਨਿਕਲ ਰਿਹਾ। ਮੈਨੂੰ ਇਦਾਂ ਲਗਦਾ ਸੀ ਜਿਵੇਂ ਹੈ ਜਿਵੇਂ ਕਿਸੇ ਨੇ ਮੇਰੀ ਜੀਬ ਨੂੰ ਚਾਕੂ ਨਾਲ ਕੱਟ ਦਿੱਤਾ ਹੋਵੇ ਤੇ ਮੈਂ ਗੂੰਗਾ ਹੋ ਗਿਆ ਹੋਵਾਂ।

-੧੩--