ਪੰਨਾ:ਨਵੀਨ ਦੁਨੀਆ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮੈਂ ਕਿਹਾ ਸਰਦਾਰ ਜੀ, ਇਹ ਕੋਈ ਮੰਦਰ ਜਾਂ ਧਰਮਸਾਲਾ ਤਾਂ ਨਹੀਂ, ਜਿਥੇ ਜਿਨਾਂ ਚਿਰ ਚਾਹੋ ਬੈਠੇ ਰਹੋ, ਇਹ ਵਪਾਰੀ ਦੀ ਦੁਕਾਨ ਹੈ, ਸੌਦਾ ਲਵੋ ਤੇ ਰਾਹ ਫੜੋ।" ਉਸਨੇ ਬੜੇ ਖਰਵੇ ਲਹਿਜੇ ਵਿਚ ਕਿਹਾ।

"ਨਾ ਤਾਂ ਮੈਂ ਨਾਚ ਵੇਖਣ-ਆਇਆ ਹਾਂ ਤੇ ਨਾ ਹੀ ਗਾਣਾ ਸੁਣਨ।" ਮੇਰੇ ਮੂੰਹੋਂ ਆਪੇ ਹੀ ਸਚ ਸਚ ਨਿਕਲ ਗਿਆ।

"ਤੇ ਹੋਰ ਕੀ ਕਰਨ ਆਏ ਹੋ?"ਉਸਦੇ ਮੂੰਹ ਤੇ ਗੁਸੇ ਦੇ ਚਿੰਨ ਸਨ।

ਮੈਂ ਇਥੇ ਕੀ ਕਰਨ ਆਇਆ ਸਾਂ, ਇਸ ਦਾ ਮੈਨੂੰ ਵੀ ਪਤਾ ਨਹੀਂ ਤੇ ਫਿਰ ਮੈਂ ਜਵਾਬ ਵੀ ਕੀ ਦੇਂਦਾ, ਚੁਪ ਹੀ ਬੈਠਾ ਰਿਹਾ।

"ਕੀ ਪਏ ਸੋਕਦੇ ਹੋ?"

"ਜੀ.....ਜੀ......ਕੁਝ ਨਹੀਂ।"

"ਜ਼ਰੂਰ ਕਿਸੇ ਡੂੰਘੀ ਸੋਚ ਵਿਚ ਹੋ?

"ਨਹੀਂ.....ਨਹੀਂ.....", ਪਰ ਮੈਂ ਕੁਝ ਨ ਬੋਲ ਸਕਿਆ।

"ਸਚ ਕਹਿੰਦੇ ਹੋ?"

"ਬਿਲਕੁਲ ਸਚ।"

"ਨਹੀਂ, ਸ਼ਾਇਦ ਝੂਠ ਵਰਗਾ ਸਚ?"

"ਝੂਠ ਵਰਗਾ ਸਚ ਕੇਹੜਾ ਹੁੰਦਾ ਏ?"

ਮੈਨੂੰ ਕੀ ਪਤਾ, ਆਪਣੇ ਦਿਲ ਕੋਲੋਂ ਪੁਛੋ। ਜਦ ਤੋਂ ਕਿਸਮਤ ਤੇ ਸਮਾਜ ਨੇ ਇਹ ਕੰਮ ਕਰਨ ਤੇ ਮਜ਼ਬੂਰ ਕੀਤਾ ਹੈ, ਮੈਂ ਤਾਂ ਹਮੇਸ਼ਾਂ ਝੂਠ ਵਾਲਾ ਸਚ ਹੀ ਬੋਲਦੀ ਹਾਂ।"

"ਕੀ ਤੁਸੀਂ ਇਹ ਕੰਮ ਜਾਣ ਬੁਝਕੇ ਨਹੀਂ ਕਰਦੇ?"ਮੈਂ ਹੈਰਾਨ ਹੋਕੇ ਪੁਛਿਆ।

"ਨਹੀਂ।"

"ਫੇਰ ਤੁਸੀਂ ਛਡ ਕਿਉਂ ਨਹੀਂ ਦੇਂਦੇ?"

--੧੪--