ਪੰਨਾ:ਨਵੀਨ ਦੁਨੀਆ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਜ ਦੀ ਰਾਤ ਉਸ ਦੀ ਜ਼ਿੰਦਗੀ ਵਿਚ ਹਹੁਕਿਆਂ ਦੀ, ਸਿਸਕੀਆਂ ਦੀ ਤੇ ਆਹਾਂ ਦੀ ਰਾਤ ਸੀ।

ਹੁਣ ਪ੍ਰੀਤ ਨਗਰ ਦੀ ਯਾਦ ਉਸ ਲਈ ਇਕ ਸੁਪਨਾ ਬਣ ਗਈ ਸੀ।

ਉਸ ਯਾਦ ਨੂੰ ਹੁਣ ਤਕ ਨਰੇਸ਼ ਨੇ ਆਪਣੇ ਸੀਨੇ ਵਿਚ ਛੁਪਾਇਆ ਹੋਇਆ ਸੀ, ਪੂਰੇ ਤਿੰਨ ਸਾਲ ਤੋਂ।

ਅਜ ਤੋਂ ਪੂਰੇ ਤਿੰਨ ਸਾਲ ਪਹਿਲੇ ਨਰੇਸ਼ ਪ੍ਰੀਤ ਨਗਰ ਜਾ ਰਿਹਾ ਸੀ। ਬੇ-ਅੰਤ ਉਮੰਗਾਂ ਉਸਦੇ ਦਿਲ ਵਿਚ ਮਚਲ ਰਹੀਆਂ ਸਨ। ਅਥਾਹ ਅਰਮਾਨ ਉਸ ਦੇ ਦਿਲ ਵਿਚ ਜਵਾਰ ਭਾਟੇ ਦੀ ਤਰਾਂ ਉਭਰ ਰਹੇ ਸਨ। ਉਹ ਖੁਸ਼ ਸੀ, ਬਹੁਤ ਹੀ ਖੁਸ਼। ਉਸ ਦੀਆਂ ਅਖਾਂ ਅਗੇ ਰਮਾਂ ਦੀ ਤਸਵੀਰ ਨਚ ਰਹੀ ਸੀ। ਉਸ ਦੀ ਪਿਆਰੀ ਰਮਾਂ, ਉਸਦੀ ਪਰੇਮਕਾ, ਉਸਦੇ ਸੁਪਨਿਆ ਦੀ ਰਾਣੀ। ਉਹ ਸੋਚ ਰਿਹਾ ਸੀ, ‘ਰਮਾਂ ਮੈਨੂੰ ਲੈਣ ਲਈ ਸਟੇਸ਼ਨ ਤੇ ਆਈ ਹੋਵੇਗੀ, ਰਮਾਂ ਕਿਤਨੀ ਖੁਸ਼ ਹੋਵੇਗੀ ਮੈਨੂੰ ਦੇਖਕੇ। ਕਿਡੀ ਚੰਗੀ ਏ ਮੇਰੀ ਰਮਾਂ।' ਖਿਆਲਾਂ ਦੀ ਦੁਨੀਆਂ ਵਿਚ ਮਸਤ ਨਰੇਸ਼ ਸਰਵਗੀ ਝੂਟੇ ਲੈ ਰਿਹਾ ਸੀ।

ਨਰੇਸ਼ ਪ੍ਰੀਤ ਨਗਰ ਪਹੁੰਚ ਗਿਆ, ਰਮਾਂ ਉਸ ਨੂੰ ਮਿਲੀ ਦੋਵਾਂ ਦੇ ਪਿਆਰ ਦੀ ਪੀਂਘ ਅਰਸ਼ੀ ਹੁਲਾਰੇ ਲੈਣ ਲਗੀ।

ਵਕਤ ਗੁਜ਼ਰਦਾ ਗਿਆ, ਅਖਾਂ ਨਾਲ ਇਸ਼ਾਰੇ ਕਰਦਾ ਭਜਦਾ ਰਿਹਾ ਤੇ ਪਿਛੇ ਛਡਦਾ ਗਿਆ ਦੋਵਾਂ ਦੇ ਪਿਆਰ ਦੀਆਂ ਯਾਦਾਂ।

-੪੩-