ਪੰਨਾ:ਨਵੀਨ ਦੁਨੀਆ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਆਹ ਤੋਂ ਸਾਲ ਦੋ ਸਾਲ ਮਗਰੋਂ ਉਹ ਆਪਣੇ ਪਿਓ ਨਾਲ ਪ੍ਰਦੇਸ ਚਲਾ ਗਿਆ। ਉਹ ਪ੍ਰਦੇਸ ਜਾ ਕੇ ਜੁਆਨ ਹੋ ਗਿਆ ਤੇ ਕਿਸੇ ਪੜ੍ਹੀ ਲਿਖੀ ... ...।' ਪ੍ਰੀਤ ਨੇ ਉਸ ਦਾ ਮੂੰਹ ਬੰਦ ਕਰ ਦਿਤਾ। ਉਸ ਦੀਆਂ ਅਖਾਂ ਵਹਿ ਤੁਰੀਆਂ। ਉਸਦੇ ਅੰਗ ਅੰਗ ਵਿਚ ਦਰਦ ਉਠਿਆ ਤੇ ਉਹ ਸ਼ਾਇਦ ਤੜਪ ਉਠਦੀ ਜੇ ਉਹ ਮੁਟਿਆਰ ਉਸ ਨੂੰ ਆਪਣੇ ਕਲਾਵੇ ਵਿਚ ਨਾ ਭਰ ਲੈਂਦੀ। ਮੁਟਿਆਰ ਨੇ ਸਮਝਿਆ ਸ਼ਾਇਦ ਉਸ ਦੀ ਦਰਦ ਕਹਾਣੀ ਨੇ ਪ੍ਰੀਤ ਦੇ ਹੰਝੂ ਵਹਾ ਦਿਤੇ ਨੇ ਪਰ ਉਹ ਭੋਲੀ ਨਹੀਂ ਸੀ ਜਾਣਦੀ ਕਿ ਉਸਦੇ ਸੀਨੇ ਵਿਚ ਵੀ ਉਹੋ ਦਰਦ ਹੈ ਜਿਹੜਾ ਇਸ ਨੂੰ ਤੜਪਾਂਦਾ ਰਹਿੰਦਾ ਹੈ।

‘ਭੈਣ! ਮੇਰੇ ਨਾਲ ਵੀ ਇਵੇਂ ਹੀ ਹੋਇਆ ਏ। ਮੈਂ ਵੀ ਇਕ ਦੁਖਿਆਰੀ ਹਾਂ।' ਪ੍ਰੀਤ ਨੇ ਗਲ ਦਾ ਰੁਖ ਬਦਲਿਆ।

'ਉਹ... ... ... ਭੈਣ ਤੂੰ ਵੀ ਦੁਖੀ ਏਂ?'

'ਹਾਂ... ... ...।' ਪ੍ਰੀਤ ਰੋ ਰਹੀ ਸੀ।

‘ਮੈਂ ਤੈਨੂੰ ਹੋਰ ਦੁਖੀ ਕੀਤਾ।

‘ਨਹੀ!’ ਪ੍ਰੀਤ ਨੇ ਭਾਵੇਂ ਝੂਠ ਬੋਲ ਦਿਤਾ ਪਰ ਉਹ ਮੰਨ ਗਈ।

‘ਤਾਂ ਕੀ ਭੈਣ ਤੇਰੇ ਪਤੀ ਨਾਲ ਵੀ ਇਵੇਂ ਹੀ ਹੋਇਆ ਏ?'

'ਹਾਂ... ... ... ।'

‘ਕੌਣ ਏ ਉਹ ਭੈਣ?’

'ਇਕ ਅਨਪੜ੍ਹ ਜਟੀ ... ... ...।' ਪ੍ਰੀਤ ਨੇ ਨਿਧੜਕ ਕਹਿ ਦਿਤਾ।

'ਇਕ... ... ...ਅਨਪੜ ਜ ... ... ਜੱਟੀ?' ਉਹ ਬੜੀ ਹੈਰਾਨ ਸੀ।

‘ਹਾਂ।’

-੭੧-