ਪੰਨਾ:ਨਵੀਨ ਦੁਨੀਆ.pdf/80

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮਿਸ ਹੋ ਗਈ ਹੋਵੇ ਮੈਂ ਦਿਲ ਹੀ ਦਿਲ ਵਿਚ ਸੋਚਿਆ ਤੇ ਨਿਰਾਸਤਾ ਵਿਚ ਹਥਾਂ ਨੂੰ ਗਰਮ ਪੈਂਟ ਦੇ ਜੇਬਾਂ ਵਿਚ ਲੁਕਾਂਦਾ ਹੋਇਆ ਹੌਲੀ ੨ ਗੇਟ ਵਲ ਵਧਿਆ।

ਬਾਹਰ ਆ ਕੇ ਮੈਂ ਇਧਰ ਉਧਰ ਨਜ਼ਰ ਦੁੜਾਈ, ਮੁਸਾਫਰ ਤਕਰੀਬਨ ਸਾਰੇ ਜਾ ਚੁਕੇ ਸਨ, ਇਕ ਦੋ ਰਿਕਸ਼ੇਵਾਲੇ ਪਿਛਲੀ ਸੀਟ ਤੇ ਬੈਠੇ ਊਂਘ ਰਹੇ ਸਨ।

'ਸਰਦਾਰ ਜੀ ਕਿਧਰ ਜਾਣਾ ਹੈ ਅਚਾਨਕ ਖਬੇ ਪਾਸਿਓਂ ਮੇਰੇ ਕੰਨਾਂ ਵਿਚ ਆਵਾਜ਼ ਆਈ।

ਜਾਣਾ ਤਾਂ ਮੈਂ ਘਰ ਹੀ ਸੀ ਤੇ ਘਰ ਵੀ ਮੇਰਾ ਸਟੇਸ਼ਨ ਤੋਂ ਕੋਈ ਢਾਈ ਮੀਲ ਦੂਰ ਸੀ ਤੇ ਫਿਰ ਦਸੰਬਰ ਦੀ ਇਸ ਠੰਢੀ ਰਾਤ ਵਿਚ ਮੇਰੇ ਕੋਲੋਂ ਪੈਦਲ ਤੁਰਨਾ ਵੀ ਤਾਂ ਬਹੁਤ ਮੁਸ਼ਕਲ ਸੀ। ਉਤੋਂ ਚਲਦੀ ਬਰਫ ਵਰਗੀ ਠੰਢੀ ਤੇ ਫਰਾਟੇਦਾਰ ਹਵਾ ਤਾਂ ਸਰੀਰ ਨੂੰ ਸੁੰਨ ਕਰਦੀ ਜਾ ਰਹੀ ਸੀ।

ਮੈਂ ਰਿਕਸ਼ੇ ਵਾਲੇ ਨੂੰ ਕੋਈ ਜਵਾਬ ਨਾ ਦਿਤਾ, ਕਿਉਂਕਿ ਮੈਂ ਹਾਲੇ ਤਕ ਕਦੀ ਵੀ ਰਿਕਸ਼ੇ ਦੀ ਸਵਾਰੀ ਨਹੀਂ ਕੀਤੀ ਸੀ। ਮੇਰੇ ਦਿਲ ਵਿਚ ਇਹ ਗਲ ਪੱਕੀ ਤਰਾਂ ਘਰ ਕਰ ਚੁਕੀ ਸੀ ਕਿ ਰਿਕਸ਼ੇ ਦੀ ਸਵਾਰੀ ਕਰਨਾ ਮਹਾਂ ਪਾਪ ਹੈ। ਪਹਿਲੇ ਤਾਂ ਇਹ ਸੁਣਨ ਤੇ ਦੇਖਣ ਵਿਚ ਆਉਂਦਾ ਸੀ ਕਿ ਪਸ਼ੂ ਅਰਥਾਤ ਘੋੜਾ ਆਦਿ ਇਨਸਾਨ ਨੂੰ ਖਿਚਦੇ ਸਨ, ਪਰ ਅੱਜ ਦੇ ਸਮੇਂ ਵਿਚ ਇਨਸਾਨ ਹੀ ਇਨਸਾਨ ਨੂੰ ਖਿਚੇ, ਇਹ ਕਿਤਨਾ ਮਹਾਂ ਪਾਪ ਹੈ, ਕੀ ਇਹ ਕਲਜੁਗ ਨਹੀਂ। ਇਸ ਦੁਨੀਆਂ ਵਿਚ ਤਬਾਹੀ ਕਿਦਾਂ ਨਾ ਆਵੇ ਜਿਸ ਵਿਚ ਊਚ ਨੀਚ ਦਾ, ਅਮੀਰ ਗਰੀਬ ਦਾ ਤੇ ਇਨਸਾਨ ਇਨਸਾਨ ਵਿਚ ਫਰਕ ਸਮਝਿਆ ਜਾਂਦਾ ਹੈ। ਇਕ ਮਨੁਖ ਦੂਜੇ ਮਨੁੱਖ ਨੂੰ ਆਪਣੇ ਖੂਨ ਨੂੰ ਨਚੋੜ ਕੇ ਸਵਾਰੀ ਦੇਵੇ, ਇਹ ਘੋਰ ਪਾਪ

-੭੯-