ਪੰਨਾ:ਨਵੀਨ ਦੁਨੀਆ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਤਾਂ ਹੋਰ ਕੀ ਹੈ?

ਮੈਂ ਟਾਂਗਾ ਸਟੈਂਡ ਵਲ ਤਕਿਆ, ਕੋਈ ਟਾਂਗਾ ਮੇਰੀ ਨਜ਼ਰ ਨਾ ਆਇਆ। ਮੈਂ ਬਿਨਾਂ ਹੋਰ ਇਧਰ ਉਧਰ ਦੇਖੇ ਹੌਲੇ ਹੌਲੇ ਘਰ ਵਲ ਤੁਰ ਪਿਆ। ਦਿਮਾਗ ਮੇਰੇ ਵਿਚ ਤੂਫਾਨ ਮਚਿਆ ਹੋਇਆ ਸੀ। ਲਤਾਂ ਮੇਰੀਆਂ ਸਰਦੀ ਨਾਲ ਕੰਬ ਰਹੀਆਂ ਸਨ। ਸਰੀਰ ਸੁੰਨ ਹੁੰਦਾ ਜਾਂਦਾ ਸੀ। ਮੇਰੇ ਮਨ ਵਿਚ ਦੋ ਤਾਕਤਾਂ ਦਾ ਇਕ ਬੜਾ ਜ਼ਬਰਦਸਤ ਘੋਲ ਹੋ ਰਿਹਾ ਸੀ। ਇਕ ਤਾਕਤ ਤਾਂ ਰਿਕਸ਼ੇ ਵਿਚ ਚੜਨ ਦੇ ਹਕ ਵਿਚ ਨਹੀਂ ਸੀ ਤੇ ਦੂਜੀ ਸੀ ਹਕ ਵਿਚ। ਰਿਕਸ਼ੇ ਤੇ ਚੜ੍ਹਨ ਵਾਲੀ ਤਾਕਤ ਆਪਣੀ ਸਫਾਈ ਵਿਚ ਕਹਿੰਦੀ, ‘ਸਰਦੀ ਬਹੁਤ ਜ਼ਿਆਦਾ ਹੈ, ਜੇ ਸਰਦੀ ਲਗ ਗਈ ਤਾਂ ਲੈਣੇ ਦੇ ਦੇਣੇ ਪੈ ਜਾਣਗੇ' ਤੇ ਦੂਜੀ ਤਾਕਤ ਕਹਿੰਦੀ, "ਇਕ ਇਨਸਾਨ ਦੂਜੇ ਇਨਸਾਨ ਦੇ ਜ਼ੋਰ ਨਾਲ ਸਵਾਰੀ ਕਰੇ, ਇਹ ਬਹੁਤ ਵਡਾ ਪਾਪ ਹੈ, ਇਸ ਨਾਲੋਂ ਪੈਦਲ ਚਲਣਾ ਚੰਗਾ ਹੈ।'

ਗਰਾਂਡ ਹੋਟਲ ਕੋਲ ਪੁਜਾ ਤਾਂ ਬਿਜਲੀ ਦੀ ਰੌਸ਼ਨੀ ਵਿਚ ਘੜੀ ਵਲ ਤਕਿਆ, ਸਵਾ ਬਾਰਾਂ ਵਜ ਚੁਕੇ ਸਨ।

‘ਬੈਠੋ ਸਰਦਾਰ ਜੀ ਲੈ ਚਲਾਂ' ਇਕ ਦਮ ਮੇਰੇ ਕੰਨਾਂ ਵਿਚ ਆਵਾਜ਼ ਆਈ।

ਪਿਛੇ ਮੁੜਕੇ ਤਕਿਆ, ਉਹੋ ਰਿਕਸ਼ੇ ਵਾਲਾ ਮੇਰੇ ਪਿਛੇ ਹੌਲੀ ਹੌਲੀ ਆ ਰਿਹਾ ਸੀ।

ਇਤਨੇ ਵਿਚ ਠੰਢੀ ਹਵਾ ਦਾ ਇਕ ਜ਼ੋਰ ਦਾ ਬੁਲਾ ਮੇਰੇ ਸਾਰੇ ਜਿਸਮ ਨੂੰ ਛੂੰਦਾ ਅਗੇ ਲੰਘ ਗਿਆ, ਮੇਰਾ ਸਾਰਾ ਸਰੀਰ ਕੰਬ ਗਿਆਂ, ਦੰਦ ਵਜਣ ਲਗ ਪਏ। ਮੈਂ ਰਿਕਸ਼ੇ ਵਾਲੇ ਵਲ ਅਖਾ ਉਚੀਆਂ ਕਰਕੇ ਤਕਿਆ, ਆਸ ਦੀ ਛੋਟੀ ਜਹੀ ਕਿਰਨ ਉਸਦੇ ਚਿਹਰੇ ਤੇ ਝਲਕ ਰਹੀ ਸੀ। ਪਰ ਮੈਂ ਉਸ ਨੂੰ ਕੋਈ ਜਵਾਬ ਨਾ ਦਿਤਾ।

-੮੦-