ਪੰਨਾ:ਨਿਰਮੋਹੀ.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੩
ਨਿਰਮੋਹੀ

ਕੀ ਉਹ ਗੀਤ ਸੁਨ ਇਕ ਇਨਸਾਨ ਨਹੀਂ ਮਸਤ ਹੋ ਸਕਦਾ। ਅਰ ਫਿਰ ਪਤਾ ਨਹੀਂ ਕੇਹੜੀ ਖਿਚ ਹੈ ਜੋ ਮੈਨੂੰ ਉਹਨਾਂ ਵਲ ਖਿਚੀ ਚਲੀ ਜਾਂਦੀ ਹੈ।

'ਅਛਾ ਤੇ ਚਲੋ, ਅਸਾਂ ਵੇਹਲਿਆਂ ਕੇਹੜੀਆਂ ਮੱਖੀਆਂ ਮਾਰਨੀਆਂ ਹਨ। ਉਹਨਾਂ ਸੰਤਾਂ ਨੂੰ ਹੀ ਢੂੰਡ ਲੈਂਦੇ ਹਾਂ।'

ਦੋਵੇਂ ਮਿਤਰ ਸਲਾਹ ਕਰਕੇ ਅਸੀਂ ਇਧਰ ਉਧਰ ਦੀਆਂ ਨਿੱਕੀਆਂ ਮੋਟੀਆਂ ਕੁਟੀਆ ਵਿਚ ਲਗੇ ਟਕਰਾਂ ਮਾਰਨ। ਪਰ ਸਾਰੇ ਦਿਨ ਦੀ ਦੌੜ ਧੁਪ ਦੇ ਬਾਹਦ ਵੀ ਸੰਤਾਂ ਦੀ ਕੁਟੀਆ ਦਾ ਪਤਾ ਨਾ ਲਗਾ। ਪਰ ਅਸੀਂ ਹੌਸਲਾ ਨਾ ਹਾਰਿਆ ਤੋਂ ਦੂਸਰੇ ਦਿਨ ਤੇ ਆਸ ਰਖ ਵਾਪਸ ਆ ਗਏ। ਦੂਸਰੇ ਦਿਨ ਫੇਰ ਲਭਣ ਦਾ ਫੈਸਲਾ ਕਰ ਆਸ ਪਾਸ ਦੂਰ ਦੁਰਾਡੇ ਸਾਰੇ ਫਿਰੇ ਪਰ ਕੁਟੀਆ ਨਾ ਮਿਲੀ। ਤੀਸਰੇ ਦਿਨ ਜਾਂ ਅਸੀਂ ਹਰਕੀ ਪੋੜੀ ਤੇ ਅਸ਼ਨਾਨ ਕਰਕੇ ਵਾਪਸ ਆ ਰਹੇ ਸਾਂ, ਕਿ ਅਚਾਨਕ ਮੇਰੀ ਨਜ਼ਰ ਸਾਮਨੇ ਜਾਂਦੇ ਹੋਏ ਸੰਤਾਂ ਤੇ ਪੈ ਗਈ। ਮੈਂ ਪ੍ਰਕਾਸ਼ ਦਾ ਮੋਢਾ ਹਿਲੌਂਦੇ ਹੋਏ ਨੇ ਕਿਹਾ, 'ਪ੍ਰਕਾਸ਼, ਪ੍ਰਕਾਸ਼, ਉਹ ਦੇਖ ਸੰਤ, ਚਲ ਉਹਨਾਂ ਨੂੰ ਮਿਲੀਏ।' ਸੰਤਾਂ ਪਾਸ ਜਾ ਅਸੀਂ ਚਰਨ ਬੰਦਨਾਂ ਕੀਤੀ ਤੇ ਉਨਾਂ ਦੇ ਡੇਰੇ ਚਲਨ ਲਈ ਕਿਹਾ। ਤਾਂ ਉਹਨਾਂ ਨੇ ਕਿਹਾ-

ਬੇਟਾ ਕੋਈ ਖਾਸ ਕੰਮ ਹੈ ?

'ਨਹੀਂ ਬਾਬਾ ਜੀ, ਕੋਈ ਏਨਾਂ ਖਾਸ ਤੇ ਨਹੀਂ। ਸਿਰਫ ਆਪ ਦੇ ਮਨੋਹਰ ਭਜਨ ਸੁਨਣ ਦੇ ਚਾਹਵਾਨ ਹਾਂ।'

'ਤਾਂ ਬੇਟਾ ! ਕਲ ਏਥੇ ਗੰਗਾ ਦੇ ਕਿਨਾਰੇ ਹੀ ਮੇਰਾ ਸਤਿਸੰਗ ਹੈ। ਤੁਸੀਂ ਬੜੀ ਖੁਸ਼ੀ ਨਾਲ ਸੁਣ ਸਕਦੇ ਹੋ ।