ਪੰਨਾ:ਨਿਰਮੋਹੀ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੫


ਨਿਰਮੋਹੀ

ਇਹ ਵੀ ਕਿਹਾ ਕਿ ਮੈਂ ਮਾਲਾ ਨੂੰ ਨਾਲ ਲੈ ਜਾਣ ਵਾਸਤੇ ਆਇਆ ਹਾਂ। ਪ੍ਰੇਮ ਦੇ ਘਰ ਵਾਲੇ ਉਸਨੂੰ ਤਕਰੀਬਨ ਪ੍ਰੇਮ ਨਾਲ ਦੇਖ ਚੁਕੇ ਸਨ। ਇਸ ਲਈ ਉਨਾਂ ਕੋਈ ਇਤਰਾਜ਼ ਨਾਂ ਕੀਤਾ। ਤੇ ਖੁਲਮ ਖੁਲਾ ਉਹ ਮਾਲਾ ਨੂੰ ਮਿਲਨ ਲਈ ਉਸਦੇ ਕਮਰੇ ਵਿਚ ਪਹੁੰਚ ਗਿਆ। ਦੇਖਿਆ, ਮਾਲਾ ਤੋਰੀ ਦੇ ਫੁਲ ਵਾਂਗੂੰ ਪੀਲੀ ਹੋਈ ਪਈ ਸੀ। ਉਸਦਾ ਸਸ ਸੌਹਰਾ ਹਮੇਸ਼ਾ ਉਸ ਤੋਂ ਉਸਦੀ ਹਾਲਤ ਬਾਰੇ ਪੁਛਦੇ ਰਹਿੰਦੇ, ਪਰ ਹਮੇਸ਼ਾ ਇਹ ਕਹਿ ਕੇ ਟਾਲ ਦੇਦੀ, ਤੁਸੀ ਤੇ, ਮਾਤਾ ਜੀ, ਐਵੇਂ ਇਸ ਤਰਾਂ ਕਹਿੰਦੇ ਰਹਿੰਦੇ ਜੇ। ਮੈਨੂੰ ਕੁਝ ਵੀ ਨਹੀਂ ਹੋਇਆ | ਤੇ ਉਸਦੀ ਬਸ ਵੀ ਇਹ ਸੋਚ ਕੇ ਚੁਪ ਹੋ ਜਾਂਦੀ ਕਿ ਪ੍ਰੇਮ ਕੋਲੋਂ ਦੂਰ ਰਹਿਨ ਕਰਕੇ ਚਿੰਤਾ 'ਚ ਪਈ ਰਹਿੰਦੀ ਏ, ਉਸ ਪਾਸ ਜਾਵੇ ਤਾਂ ਸਬ ਠੀਕ ਹੋ ਜਾਵੇਗਾ।

ਜੁਗਿੰਦਰ ਜਾਂ ਮਾਲਾ ਦੇ ਸਾਮਨੇ ਗਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਈ, ਕਿ ਹੈ! ਜੁਗਿੰਦਰ ਦੀ ਏਨੀ ਹਿੰਮਤ ਕਿ ਮੇਰੇ ਘਰ, ਤੇ ਫਿਰ ਮੇਰੇ ਕਮਰੇ ਵਿਚ ਦਾਖਲ ਹੋਵੇ, ਉਹ ਵੀ ਮੈਥੋਂ ਬਿਨਾ ਪੁਛੇ। ਉਹ ਅਜੇ ਹੈਰਾਨੀ ਵਿਚ ਪਈ ਖਲੋਤੀ ਸੀ ਕਿ ਜੁਗਿੰਦਰ ਉਸ ਦੇ ਪੈਰਾਂ ਤੇ ਡਿਗ ਪਿਆ ਤੇ ਅਥਰੂ ਵਹੋਂਦੀਆਂ ਅਖਾਂ ਨਾਲ ਉਸ ਪਾਸੋਂ ਮਾਫੀ ਮੰਗਨ ਲੱਗਾ ਪਹਿਲੇ ਤਾਂ ਮਾਲਾ ਹੈਰਾਨ ਸੀ। ਪਰ ਉਸ ਨੂੰ ਇਸ ਤਰਸ ਖੋਰੀ ਹਾਲਤ ਵਿਚ ਦੇਖ ਹੋਰ ਵੀ ਅਚੰਭਾ ਹੋਇਆ। ਅਖੀਰ ਉਸਨੂੰ ਪਛ ਹੀ ਬੈਠੀ, ਕਿਉਂ, ਭਰਾ, ਇਹ ਕੀ ਮਾਮਲਾ ਹੈ? ਤੇਰੇ ਵਰਗਾ ਪਥਰ ਦਿਲ ਆਦਮੀ, ਰੋ ਰੋ ਕੇ ਮਾਫੀ ਮੰਗ ਰਿਹ ਹੈ, ਆਖਰ ਗਲ ਕੀ ਹੈ?