ਪੰਨਾ:ਨਿਰਮੋਹੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬

ਨਿਰਮੋਹੀ

ਏਥੇ ਆ ਕੇ ਮੈਂ ਫਿਰ ਦਾਖਲ ਹੋ ਗਈ।

ਜਿਨ੍ਹਾਂ ਦਿਨਾਂ ਵਿਚ ਮੈਂ ਮੈਟਰਕ ਕਰ ਰਹੀ ਸੀ, ਮੇਰੀ ਮੁਲਾਕਾਤ ਇਕ ਐਸੇ ਨੌਜਵਾਨ ਨਾਲ ਹੋ ਗਈ ਜੋ ਗੱਲਾਂ ਤੋਂ ਹਸਮੁਖ ਤੇ ਦਿਲ ਦਾ ਸਾਫ ਨਜ਼ਰ ਔਂਦਾ ਸੀ। ਤੈਨੂੰ ਪਤਾ ਹੈ ਕਿ ਮੇਰੀ ਆਪਨੀ ਆਦਤ ਵੀ ਬੜੀ ਖੁਲ ਦਿਲੀ ਨਾਲ ਮਖੌਲ ਕਰ ਲੈਣ ਵਾਲੀ ਹੈ। ਏਸੇ ਕਰ ਕੇ ਮੇਰੀ ਉਸ ਨਾਲ ਦਿਲਚਸਪੀ ਵਧ ਗਈ। ਅਰ ਉਸੇ ਹਸਮੁਖ ਤੇ ਰੋਹਬ ਦਾਬ ਵਾਲੀ ਸ਼ਕਲ ਨੇ ਹੀ ਮੈਨੂੰ ਇਸ ਯੋਗ ਬਨਾਇਆ ਹੈ, ਜੋ ਮੈਂ ਮਰਦ ਉਤੇ ਕਦੀ ਵਿਸ਼ਵਾਸ ਨਾ ਕਰਾਂ।

'ਬਈ, ਏਦਾਂ ਨਹੀਂ, ਜ਼ਰਾ ਵਿਸਥਾਰ ਨਾਲ ਸੁਨ ਨਾ।' ਮਾਲਾ ਨੇ ਦਿਲਚਸਪੀ ਲੈਂਦੀ ਹੋਈ ਨੇ ਕਿਹਾ।

ਹਾਂ ਸੁਣ! ਕੋਲ ਕੋਲ ਸਾਡੇ ਘਰ ਤੇ ਕੋਲ ਕੋਲ ਹੀ ਸਕੂਲ ਸਨ। ਦਿਨੋਂ ਦਿਨ ਸਾਡੀ ਮੁਹੱਬਤ ਵਿਚ ਵਾਧਾ ਹੁੰਦਾ ਗਿਆ। ਰੋਜ ਸਕੂਲ ਤਕ ਉਹ ਮੇਰਾ ਸਾਥ ਦੇਂਦਾ। ਅਰ ਸ਼ਾਮ ਨੂੰ ਤਕਰੀਬਨ ਤਕਰੀਬਨ ਇਕੱਠੇ ਈ ਅਸੀ ਘਰ ਔਂਦੇ।

ਸਕੂਲ ਵਿਚ ਦੋ ਮਹੀਨਿਆਂ ਦੀਆਂ ਛਟੀਆਂ ਹੋਈਆਂ ਮੇਰੀ ਮਾਤਾ ਜੀ ਦੀ ਸੇਹਤ ਕੁਝ ਠੀਕ ਨਹੀਂ ਸੀ ਰਹਿੰਦੀ, ਇਸ ਲਈ ਮਾਤਾ ਜੀ ਨਾਲ ਮੈਨੂੰ ਦੋ ਮਹੀਨੇ ਲਈ ਡਲਹੋਜ਼ੀ ਜਾਣਾ ਪੈ ਗਿਆ। ਉਥੇ ਜਾਂਦਿਆਂ ਹੀ ਮੈਂ ਜਗਿੰਦਰ ਨੂੰ ਚਿੱਠੀ ਲਿਖੀ।

'ਇਹ ਜਗਿੰਦਰ ਕੌਣ ਹੋਇਆ ਪ੍ਰੀਤਮ?'

ਉਹੋ ਹੀ ਜਿਸ ਨਾਲ ਮੇਰੀ ਮੁਹੱਬਤ ਸੀ। ਉਸੇ ਦੇ ਨਾਂ ਜਗਿੰਦਰ ਪਾਲ ਸੀ।