ਪੰਨਾ:ਨਿਰਮੋਹੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੭੫

ਨਹੀਂ ਆਏਗਾ। ਬੁਰਾ ਆਦਮੀ ਜਦ ਕਿਸੇ ਦੀ ਇਜਤ ਪਿਛੇ ਹਥ ਧੋ ਕੇ ਪੈ ਜਾਏ ਤਾਂ ਉਹ ਇਹ ਕਦੀ ਨਹੀਂ ਸੋਚਦਾ ਕਿ ਇਸ ਵਿਚ ਮੇਰਾ ਵੀ ਕੋਈ ਨੁਕਸਾਨ ਹੋਵੇਗਾ ਜਾਂ ਨਹੀਂ। ਉਸਨੂੰ ਤੇ ਬਸ ਇਹੋ ਚਾਹੀਦਾ ਹੈ ਮੇਰਾ ਕੰਮ ਪੂਰਾ ਹੋ ਜਾਏ, ਚਾਹੇ ਇਸ ਵਿਚ ਕਿਸੇ ਦੀ ਇਜ਼ਤ ਜਾਏ ਜਾਂ ਜਾਨ। ਉਸ ਨੂੰ ਤੇ ਆਪਨੇ ਮਤਲਬ ਨਾਲ ਗਰਜ਼ ਹੈ।

ਏਸੇ ਤਰਾਂ ਜੁਗਿੰਦਰ ਜਦ ਤੋਂ ਭੈੜੀ ਪਾਰਟੀ ਦਾ ਮੈਂਬਰ ਬਨਿਆ ਤਦ ਤੋਂ ਹਰ ਵਕਤ ਉਸ ਦੇ ਦਿਲ ਵਿਚ ਭੈੜੇ ਭੈੜੇ ਖਿਆਲ ਚਕਰ ਲੌਂਦੇ ਰਹਿੰਦੇ। ਕੁਝ ਪਾਰਟੀ ਦਾ ਅਸਰ, ਕੁਝ ਰੁਪਏ ਦੀ ਖੁਮਾਰੀ, ਦੋਵਾਂ ਨੇ ਰਲਕੇ ਜੁਗਿੰਦਰ ਦਾ ਬੇੜਾ ਗਰਕ ਕਰ ਕੇ ਰਖ ਦਿਤਾ। ਰੁਪਏ ਪਿਛੇ ਲਗ ਕੇ ਉਸ ਨੇ ਵਿਚਾਰੀ ਪ੍ਰੀਤਮ ਵਰਗੀ ਸੁਸ਼ੀਲ ਕੁੜੀ ਦਾ ਦਿਲ ਤੋੜ ਦਿਤਾ। ਤੇ ਹੁਣ ਬੁਰੀ ਪਾਰਟੀ ਵਿਚ ਕਦਮ ਰਖਕੇ ਉਹ ਮਾਲਾ ਦੇ ਗਲ ਚੰਬੜ ਗਿਆ।

ਏਸੇ ਲਈ ਅਜ ਕਾਲਜ ਜਾਣ ਤੋਂ ਪਹਿਲੇ ਜੁਗਿੰਦਰ ਨੇ ਕੀ ਧਾਰ ਲਈ ਕਿ ਚਾਹੇ ਕੁਝ ਹੋ ਜਾਏ ਮੈਂ ਮਾਲਾ ਨੂੰ ਆਪਣੇ ਕਬਜ਼ੇ ਵਿਚ ਕਰ ਕੇ ਹੀ ਰਹਾਂਗਾ। ਭਾਵੇਂ ਪ੍ਰਿੰਸੀਪਲ ਕੋਲ ਸ਼ਿਕਾਇਤ ਹੀ ਕਿਉਂ ਨਾ ਹੋ ਜਾਏ। ਇਹੋ ਜਹੀਆਂ ਕਈ ਗਲਾਂ ਸੋਚ ਉਹ ਕਾਲਜ ਜਾਣ ਦੀ ਤਿਆਰੀ ਕਰਨ ਲਗਾ।

ਜਦ ਉਹ ਘਰੋਂ ਨਿਕਲਿਆ ਤਾਂ ਉਸ ਦੀ ਖੁਸ਼ ਕਿਸਮਤੀ ਸਮਝੋ ਜਾਂ ਬਦਨਸੀਬੀ, ਸਾਮਨੇ ਹੀ ਟਾਂਗੇ ਤੇ ਜਾਂਦੀ ਹੋਈ ਮਾਲਾ ਉਸਦੀ ਨਜ਼ਰੀ ਪਈ। ਦੇਖਕੇ ਉਹ ਖਿੜ ਉਠਿਆ। ਉਸ ਨੇ ਸੋਚਿਆ ਸ਼ਾਇਦ ਰਬ ਨੇ ਅਜ ਨੇੜੇ ਹੋ ਕੇ ਸੁਨੀ ਏ।