ਪੰਨਾ:ਨਿਰਮੋਹੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੮

ਨਿਰਮੋਹੀ

ਕਮਲਾ ਕਪੜਿਆਂ ਚੋਂ ਬਾਹਰ ਹੋ ਗਈ। ਉਹ ਕਿਸੇ ਨਾ ਕਿਸੇ ਤਰਾਂ ਇਸ ਮਖੌਲ ਦਾ ਬਦਲਾ ਲੈਣਾ ਚਾਹੁੰਦੀ ਸੀ। ਪਰ ਕੋਈ ਦਾਓ ਉਸ ਦਾ ਐਸਾ ਨਹੀਂ ਸੀ ਚਲਦਾ ਜਿਸ ਨਾਲ ਉਹ ਦਿਲ ਦਾ ਗੁਸਾ ਕਢ ਸਕਦੀ। ਅਜ ਜਦੋਂ ਜੁਗਿੰਦਰ ਨੇ ਉਸ ਨੂੰ ਮਾਲਾ ਦੇ ਦਿਲੀ ਭੇਤ ਲੈਣ ਵਾਸਤੇ ਕਿਹਾ, ਤਾਂ ਉਹ ਫੁੱਲੀ ਨਾ ਸਮਾਵੇ ਝਟ ਪਟ ਇਹ ਮਨਜੂਰ ਕਰ ਲੀਤਾ। ਤੇ ਹਥ ਧੋ ਕੇ ਪੈ ਗਈ। ਉਹ ਮਾਲਾ ਦੇ ਪਿਛੇ।

ਇਕ ਐਤਵਾਰ ਕਮਲਾ ਸਵੇਰੇ ਹੀ ਉਠ, ਤਿਆਰ ਹੋ, ਮਾਲਾ ਦੇ ਘਰ ਚਲੀ ਗਈ। ਜਾ ਕੇ ਉਸ ਦੇਖਿਆ ਮਾਲਾ ਕੋਈ ਚਿਠੀ ਲਿਖਣ ਵਿਚ ਮਗਨ ਹੈ। ਉਹ ਚੁਪ ਚਾਪ, ਬੈਠਕ ਵਿਚ ਪਈ ਇਕ ਅਰਾਮ ਕੁਰਸੀ ਤੇ, ਬੈਠ ਗਈ। ਮਾਲਾ ਨੇ ਚਿਠੀ ਲਿਖ ਕੇ ਲਫਾਫੇ ਵਿਚ ਬੰਦ ਕਰ ਮੇਜ਼ ਤੇ ਰਖ ਦਿਤੀ, ਤੇ ਫਿਰ ਲਗੀ ਕਮਲਾ ਦੇ ਔਣ ਦੀ ਵਜਾਹ ਦਰਯਾਫਤ ਕਰਨ। ਬੋਲੀ-

'ਅਜ ਕਿਸ ਤਰਾਂ ਔਣੇ ਹੋਏ ਨੇ, ਮੇਰੀ ਕਮਲਾ ਭੈਣ? ਕਿਧਰੇ ਰਸਤਾ ਤੇ ਨਹੀਂ ਭੁਲ ਗਈ?'

'ਨਹੀਂ ਮਾਲਾ, ਰਸਤਾ ਕੀ ਭੁਲਨਾ ਏ, ਮੈਨੂੰ ਤੇਰੀ ਕਿਸੇ ਗੱਲ ਬਾਬਤ ਪਤਾ ਲਗਾ ਏ। ਜਿਸ ਕਰਕੇ ਮੈਂ ਤੈਨੂੰ ਖਬਰਦਾਰ ਕਰਨ ਆਈ ਹਾਂ। ਕਿਉਂ , ਸੁਣੇਂਗੀ?

'ਕਿਉਂ ਨਹੀਂ! ਮੇਰੀ ਬਾਬਤ ਕੋਈ ਗੱਲ ਏ, ਮੈਂ ਭਲਾ ਕਿਉਂ ਨਾ ਸੁਣੀ। ਬੜੀ ਖੁਸ਼ੀ ਨਾਲ ਕਹੁ ਮੈਂ ਸੁਨਣ ਨੂੰ ਤਿਆਰ ਹਾਂ।'

'ਅਛਾ, ਸੁਣ। ਉਹ ਤੇਰੀ ਕਲਾਸ ਵਿਚ ਜੇਹੜਾ ਜਗਿੰਦਰ ਏ ਨਾ, ਉਹ ਹਥ ਧੋ ਕੇ ਪੈ ਗਿਆ ਈ ਤੇਰੇ ਪਿਛੇ।