ਪੰਨਾ:ਨਿਰਾਲੇ ਦਰਸ਼ਨ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਜੋਗਾ ਸਿੰਘ

(ਪਉੜੀ)

ਸੰਗਤ ਤੁਰੀ ਪਸ਼ੌਰ ਚੋਂ, ਰਲ ਮਾਈ ਭਾਈ।
ਕਰਦੇ ਵਲ ਅਨੰਦਪੁਰ,ਕਸ ਕਮਰਾਂ ਭਾਈ।
ਸ਼ਸ਼ਤ੍ਰ ਲੀਤੇ ਕੀਮਤੀ, ਘੋੜੇ ਦਰਯਾਈ।
ਜੜੇ ਦੁਸ਼ਾਲੇ ਹੀਰਿਆਂ,ਸੀ ਝਿਲਮਿਲ ਲਾਈ।
ਅੰਬਰ ਜੀਕੁਨ ਰਾਤ ਨੂੰ, ਕਰਦਾ ਰੁਸ਼ਨਾਈ।
ਮੰਜਲ ਮੰਜਲੀ ਸੰਗਤਾਂ, ਸਭ ਵਾਟ ਮੁਕਾਈ।
ਦਰਸ਼ਨ ਕਰ ਦਸਮੇਸ਼ ਦੇ, ਦਿਲ ਖੁਸ਼ੀ ਮਨਾਈ।
ਸੁਖਨਾ ਆਪੋ ਆਪਣੀ, ਕਢ ਭੇਟ ਝੜਾਈ।

(ਤਥਾ)

ਸੰਗਤ ਵਿਚ ਇਕ ਬਾਲਕਾ, ਸੀ ਉਮਰ ਛੁਟੇਰੀ।
ਸੇਵਾ ਵਾਲੀ ਲਗਨ ਸੀ, ਦਿਲ ਜਿਹਦੇ ਵਧੇਰੀ।
ਮਨ ਉਜਲ ਸੀ ਲਾਲ ਦਾ, ਮਾਰੀ ਮੈਂ ਮੇਰੀ।
ਜਲ ਪਖੇ ਦੀ ਟਹਿਲ ਸੀ, ਉਸ ਫੜੀ ਚੰਗੇਰੀ।
ਸੇਵਾ ਕਰਦਾ ਕਰੇ ਨਾ, ਆਲਸ ਤੇ ਡੇਰੀ।
ਕਲਗੀਧਰ ਨੇ ਨਜ਼ਰ ਜਾਂ, ਇਸ ਦੇ ਵਲ ਫੇਰੀ।
ਖੁਸ਼ ਹੋਏ ਦਿਲ ਵਿਚ ਬੜੇ, ਤਕ ਸਿਦਕ ਦਲੇਰੀ।
ਕੋਲ ਬਠਾਕੇ ਆਖਦੇ, ਵਾਹ ਬਚੜੀ ਮੇਰੀ।