ਸਮੱਗਰੀ 'ਤੇ ਜਾਓ

ਪੰਨਾ:ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ.pdf/16

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

♥ ਸੁਰਮਾਂ ਕਹਿਰ ਦੀ ਗੋਲੀ, ਬਿੱਲੀਆਂ ਅੱਖਾਂ ਨੂੰ

♥ ਸੁਰਮਾ ਕਿਹੜੀਆਂ ਅੱਖਾਂ ਵਿਚ ਪਾਵਾਂ- ਅੱਖਾਂ ਵਿਚ ਯਾਰ ਵਸਦਾ

♥ ਸੁਰਮੇਂ ਦਾ ਕੀ ਪਾਉਣਾ, ਤੇਰੀ ਅੱਖ ਨੀ ਕਬੂਤਰੀ ਵਰਗੀ

♥ ਸੂਏ ਕੱਸੀਆਂ ਦਾ ਪਾਣੀ, ਮੌਜ ਮਰੱਬਿਆਂ ਦੀ

♥ ਸੋਹਣੀ ਨਾ ਵਿਆਹੀਂ ਵੀਰਨਾ, ਤੈਨੂੰ ਕਰਨੀ ਪਵੇਗੀ ਰਾਖੀ

♥ ਸੋਹਣੀਏਂ ਹੀਰੇ ਨੀ, ਦੇਦੇ ਬਾਜਰਾ ਮਲ ਕੇ,

♥ ਸੋਹਣੇ ਯਾਰ ਨੇ ਕਵੇਲੇ ਅੱਖ ਮਾਰੀ- ਔਖੀ ਹੋਗੀ ਰਾਤ ਕੱਟਣੀ

♥ ਸੋਨੇ ਦੇ ਤਬੀਤਾਂ ਵਾਲਿਆ, ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ

♥ ਸੌਖੀ ਵਾਰਨੀ ਦੋਸਤੋ ਜਿੰਦੜੀ ਔਖੇ ਹੀਰੇ ਪੁੱਤ ਵਾਰਨੇ

♥ ਸੌਣ ਦਿਆਂ ਬੱਦਲਾ ਵੇ, ਹੀਰ ਭਿੰਉਤੀ ਸਿਆਲਾਂ ਵਾਲੀ

♥ ਸੌਣ ਮਹੀਨਾ, ਦਿਨ ਗਿੱਧੇ ਦੇ, ਕੁੜੀਆਂ ਰਲ ਕੇ ਆਈਆਂ

♥ ਸੌਣ ਮਹੀਨੇ ਦਿਨ ਤੀਆਂ ਦੇ, ਚੰਦ ਕੁਰ ਸੂਟ ਬਣਾਵੇ, ਵਿਚ ਕੁੜੀਆਂ ਦੇ
 
ਤੁਰਦੀ ਮੜਕ ਨਾਲ— ਝਾਂਜਰ ਨੂੰ ਖੜਕਾਵੇ.........ਰੰਨ ਦਾ ਰੂਪ ਝਲਿਆ ਨਾ ਜਾਵੇ,

ਬੈਠੀ ਪੀੜ੍ਹੇ 'ਤੇ ਸ਼ਾਮੋਂ ਬੋਲੀਆਂ ਪਾਵੇ..... ਬੈਠੀ ਪੀੜ੍ਹੇ ਤੇ

♥ ਸੌਣ ਵੀਰ ਮੇਲ ਕਰੇ- ਭਾਦੋਂ ਚੰਦਰੀ ਵਿਛੋੜੇ ਪਾਵੇ

♥ ਸੌਦੇ ਛੜਿਆਂ ਦੇ, ਕੱਟੀ ਛੱਡ ਕੇ ਲਬੇਰੀ ਲੈ ਗਏ

♥ ਹੱਸ ਕੇ ਨਾ ਲੰਘ ਵੈਰੀਆ- ਮੇਰੀ ਸੱਸ ਭਰਮਾ ਦੀ ਮਾਰੀ

♥ ਹੱਸ ਨਾ ਬੇਖਬਰਿਆ ਫੁੱਲਾ, ਤੋੜ ਕੇ ਲੈ ਜਾਣਗੇ

♥ ਹਸਦਾ ਮੁਸ਼ਕੜੀ ਏਂ, ਤਾਹੀਓਂ ਮਾਰਦਾ ਗੇੜੇ

♥ ਹਸਦੀ ਨੇ ਫੁੱਲ ਮੰਗਿਆ, ਸਾਰਾ ਬਾਗ ਹਵਾਲੇ ਕੀਤਾ

♥ ਹੱਟੀ ਲੈ ਕੇ ਵੀਰ ਦੀ ਚੱਲੀ, ਗੋਦੀ ਲੈ ਕੇ ਭਤੀਜ ਚੰਦ ਵਰਗਾ

ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ- 16