ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਖਿਆ ਜਾਣਾ ਚਾਹੀਦਾ ਹੈ, ਤਾਂ ਵੀ ਅਜਿਹਾ ਕਰਨਾ ਕੁਝ ਆਲੋਚਕਾਂ ਲਈ ਮੁਸ਼ਕਲ ਲੱਗਦਾ ਹੈ। ਇਸ ਦਾ ਮਤਲਬ ਇਹ ਵੀ ਨਹੀਂ ਕਿ ਕਲਾ ਤੋਂ ਬਾਹਰ ਹੋ ਕੇ ਲੇਖਕ ਜੋ ਕਹਿੰਦਾ ਹੈ, ਉਸ ਦੀ ਕੋਈ ਮਹੱਤਤਾ ਨਹੀਂ, ਜਾਂ ਉਸ ਨੂੰ ਸੁੱਟ ਪਾਉਣਾ ਚਾਹੀਦਾ ਹੈ। ਪਰ ਇਹ ਵੀ ਸਾਰੇ ਜਾਣਦੇ ਹਨ ਕਿ ਕਲਾ ਬਿੰਬਾਂ ਦੀ ਭਾਸ਼ਾ ਵਿਚ ਗੱਲ ਕਰਦੀ ਹੈ, ਅਤੇ ਬਿੰਬ ਵਿਚਾਰਧਾਰਾ ਤੋਂ ਮੂੰਹ-ਜ਼ੋਰ ਹੋ ਕੇ ਵੀ ਯਥਾਰਥ ਦੇ ਠੀਕ ਦਰਸ਼ਨ ਕਰਾ ਸਕਦੇ ਹਨ, ਜੇ ਕਲਾਕਾਰ ਸੱਚਮੁੱਚ ਕਲਾਕਾਰ ਹੋਵੇ ਤਾਂ। ਆਲੋਚਨਾ ਲਈ ਕਲਾਤਮਕ ਬਿੰਬਾਂ ਦੀ ਭਾਸ਼ਾ ਨੂੰ ਸਮਝਣਾ ਤੇ ਅਰਥਾਉਣਾ ਮੁੱਢਲੀ ਮਹੱਤਤਾ ਰੱਖਦਾ ਹੈ।

ਲੇਖਕ ਦੇ ਕਥਨਾਂ ਨੂੰ ਉਸ ਦੀ ਕਲਾ ਦੇ ਸਮਝਣ ਅਤੇ ਅਰਥਾਉਣ ਵਿਚ ਮੁੱਢਲੀ ਮਹੱਤਤਾ ਦੇਣ ਦੇ ਕੀ ਸਿੱਟੇ ਹੋ ਸਕਦੇ ਹਨ, ਇਸ ਦੀ ਇਕ ਉਦਾਹਰਣ ਹੈ ਕਿ ਦੁੱਗਲ ਦੀ ਕਹਾਣੀ-ਕਲਾ ਦੇ ਵਿਕਾਸ ਦੇ ਪੜਾਅ ਨਿਸਚਿਤ ਕਰਨ ਲਗਿਆਂ, ਇਕ ਪੜਾਅ ਦਾ ਆਰੰਭ ਉਥੋਂ ਕੀਤਾ ਜਾਂਦਾ ਹੈ, ਜਦੋਂ ਉਸ ਨੇ ਇਹ ਮੰਨਿਆਂ ਕਿ ਉਹ ਅਤੇ ਉਸ ਦੇ ਸਮਕਾਲੀ ਪ੍ਰਕਿਰਤੀਵਾਦੀ ਅਤੇ ਨੰਗੇਜਵਾਦੀ ਜ਼ਿਆਦਤੀਆਂ ਕਰਦੇ ਆਏ ਸਨ, ਜੋ ਗ਼ਲਤ ਸੀ; ਕਿ ਕਲਾ ਦਾ ਮੰਤਵ ਸਮਾਜ ਦੀ, ਮਨੁੱਖ ਦੀ ਸੇਵਾ ਕਰਨਾ ਹੈ, ਜੀਵਨ ਵਿਚ ਸੁਹਜ ਭਰਨਾ ਹੈ, ਨਾ ਕਿ ਗੰਦ ਉਛਾਲਣਾ ਜਾਂ ਮੂੰਹ ਚਿੜਾਉਣਾ। ਖ਼ਿਆਲ ਕੀਤਾ ਜਾਂਦਾ ਸੀ ਕਿ ਉਹ ਕੁੜੀ ਕਹਾਣੀ ਕਰਦੀ ਗਈ ਵਿਚਲੀਆਂ ਕੁਝ ਇਸ ਪ੍ਰਕਾਰ ਦੀਆਂ ਅਤੇ ਉਹਨਾਂ ਵਰਗੀਆਂ ਹੋਰ ਕਹਾਣੀਆਂ ਨੂੰ ਰੱਦ ਕਰ ਰਿਹਾ ਹੈ। ਪਰ ਬਹੁਤ ਦੇਰ ਮਗਰੋਂ ਉਹ ਉਸੇ "ਕੁੜੀ ਕਹਾਣੀ ਕਰਦੀ ਗਈ" ਵਿਚ ਉਸੇ ਅੰਦਾਜ਼ ਵਿਚ ਲਿਖੀਆਂ ਹੋਰ ਕਹਾਣੀਆਂ ਦਾ ਵਾਧਾ ਕਰ ਕੇ ਛਾਪਦਾ ਹੈ ਤਾਂ ਆਪਣੇ ਪਾਠਕਾਂ ਨੂੰ ਕਹਿੰਦਾ ਹੈ ਕਿ ਇਹਨਾਂ ਦੇ ਹੇਠਾਂ ਜੋ ਲਕਿਆ ਹੋਇਆ ਹੈ, ਉਸ ਨੂੰ ਪਛਾਨਣ ਦਾ ਯਤਨ ਕੀਤਾ ਜਾਏ ਅਤੇ ਯਕੀਨ ਦੁਆਉਂਦਾ ਹੈ ਕਿ ਈਮਾਨਦਾਰ ਲੇਖਕ ਹੋਣ ਦੇ ਨਾਤੇ ਉਹ ਆਪਣੇ ਪਾਠਕਾਂ ਦਾ ਵਿਸ਼ਵਾਸਘਾਤ ਕਦੀ ਨਹੀਂ ਕਰੇਗਾ। ਜੇ ਆਲੋਚਕ ਜਾਂ ਪਾਠਕ ਦੁੱਗਲ ਦੇ ਪਹਿਲੇ ਕਥਨ ਮਗਰ ਲਗ ਕੇ ਉਸ ਦੀਆਂ ਕੁਝ ਕਹਾਣੀਆਂ ਰੱਦ ਕਰ ਦੇਵੇਗਾ, ਤਾਂ ਉਸ ਦੇ ਮਗਰਲੇ ਕਥਨ ਨੂੰ ਨਿਘਲਣਾ ਉਸ ਲਈ ਮੁਸ਼ਕਲ ਹੋ ਜਾਵੇਗਾ। ਜਦ ਕਿ ਬਿਲਕੁਲ ਸੰਭਵ ਹੈ ਕਿ ਉਸ ਦੀਆਂ ਪਹਿਲੀਆਂ ਕਹਾਣੀਆਂ ਵੀ ਸਾਰੀਆਂ ਰੱਦ ਕਰਨ ਯੋਗ ਨਾ ਹੋਣ ਅਤੇ ਮਗਰਲੀਆਂ ਸਾਰੀਆਂ ਸਲਾਹੁਣ ਯੋਗ ਨਾ ਹੋਣ।

ਦੂਜੀ ਮੁਸ਼ਕਲ ਇਹ ਹੈ ਕਿ ਅਸੀਂ ਕਥਾਵਾਂ ਵਰਗੇ ਇਕਹਿਰੇ ਸਾਹਿਤ ਦੇ ਆਦੀ ਹੋ ਗਏ ਹਾਂ, ਜਿਸ ਦਾ ਇਕ ਆਸ਼ਾ ਹੋਵੇ, ਜਿਸ ਦੀ ਇਕ ਸਿਖਿਆ ਅਤੇ ਇਕ ਵਿਆਖਿਆ ਹੋਵੇ। ਬਹੁਤ ਦੇਰ ਤਾਂ ਅਸੀਂ ਚਲਦੀਆਂ ਫਿਰਦੀਆਂ ਚੰਗਿਆਈਆਂ ਬੁਰਿਆਈਆਂ ਨੂੰ ਹੀ ਪਾਤਰ ਸਮਝਦੇ ਰਹੇ ਹਾਂ। ਹੁਣ ਜੇ ਅਸੀਂ ਲਹੂ-ਮਾਸ ਦੇ ਪੁਤਲੇ ਘੜਨੇ ਸ਼ੁਰੂ ਕੀਤੇ ਦੇ ਹਨ, ਤਾਂ ਉਹਨਾਂ ਵਿਚ ਉਹ ਸਾਰੀ ਜਟਿਲਤਾ ਨਹੀਂ ਹੁੰਦੀ, ਜਿਹੜੀ ਸਾਡੀ ਸਮਾਜਕ ਸਥਿਤੀ ਦੀ ਅਤੇ ਚੰਗੀ ਕਲ-ਕਿਤ ਦੀ ਮੰਗ ਹੈ। ਅਤੇ ਜਿਥੇ ਕਿਤੇ ਇਹ ਜਟਿਲਤਾ ਹੈ

99