ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ।

ਵਿਸ਼ੇ-ਵਸਤੂ ਦੇ ਪੱਖੋਂ, ਵਿਰਕ ਦਾ ਇਕ ਪ੍ਰਧਾਨ ਗੁਣ ਉਸ ਦਾ ਮਾਨਵਵਾਦ ਹੈ। ਜਿਹੜਾ ਉਸ ਦੀਆਂ ਸਾਰੀਆਂ ਕਹਾਣੀਆਂ ਵਿਚ ਮਿਲਦਾ ਹੈ, ਭਾਵੇਂ ਉਹ ਜੀਵਨ ਦੇ ਕਿਸੇ ਖੇਤਰ ਨਾਲ ਵੀ ਸੰਬੰਧਤ ਕਿਉਂ ਨਾ ਹੋਣ। ਮਾਨਵਵਾਦ ਤੋਂ ਭਾਵ ਉਹਨਾਂ ਸਾਰੀਆਂ ਹਾਲਤਾਂ ਵਲ ਧਿਆਨ ਦੁਆਉਣਾ ਹੈ, ਸਗੋਂ ਅਕਸਰ ਉਹਨਾਂ ਉਤੇ ਵਿਅੰਗ ਕੱਸਣਾ ਹੈ, ਜਿਹੜੀਆਂ ਹਾਲਤਾਂ ਮਨੁੱਖ ਨੂੰ ਦੁਖੀ ਕਰ ਰਹੀਆਂ ਹਨ, ਜਾਂ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦੇਂਦੀਆਂ। ਇਸ ਵਿਚ ਖ਼ਾਸ ਕਰਕੇ ਇਹਨਾਂ ਹਾਲਤਾਂ ਦਾ ਸ਼ਿਕਾਰ ਹੋਏ ਲੋਕਾਂ ਨਾਲ ਉਸ ਦੀ ਹਮਦਰਦੀ ਹੁੰਦੀ ਹੈ। ਇਸ ਪੱਖੋਂ ਉਚੇਚੇ ਤੌਰ ਉਤੇ ਅਸੀਂ ਮੈਨੂੰ ਜਾਣਨੇ ?" ਕਹਾਣੀ ਦਾ ਜ਼ਿਕਰ ਕਰ ਸਕਦੇ ਹਾਂ। ਮਨੁੱਖ, ਮਨੁੱਖ ਇਸ ਕਰਕੇ ਹੈ ਕਿ ਉਹ ਇਕ ਸਮਾਜ ਵਿਚ ਰਹਿੰਦਾ ਹੈ, ਉਹ ਸਮਾਜ ਜਿਹੜਾ ਉਸ ਨੂੰ ਅਪਣਾਉਂਦਾ ਹੈ ਅਤੇ ਜਿਸ ਨੂੰ ਉਹ ਮਨੁੱਖ ਅਪਣਾਉਂਦਾ ਹੈ। ਇਹ ਇਕ ਦੁਵੱਲੀ ਪਛਾਣ ਹੈ, ਜਿਹੜੀ ਜੇ ਖ਼ਤਮ ਹੋ ਜਾਏ ਤਾਂ ਮਨੁੱਖ ਨੂੰ ਆਪਣੀ ਹਸਤੀ ਨਿਰਾਰਥ ਲੱਗਦੀ ਹੈ। ਇਸ ਪਛਾਣ ਦਾ ਝਾਵਲਾ ਪੈਣਾ ਹੀ ਹਸਤੀ ਵਿਚ ਅਰਥ ਭਰ ਦੇਂਦਾ ਹੈ, ਮਿੱਟੀ ਵਿਚ ਜਾਨ ਪੈਣ ਲੱਗਦੀ ਹੈ, ਸਪਨੇ ਜਾਗਣ ਲੱਗ ਪੈਂਦੇ ਹਨ। ਇਹ ਕਹਾਣੀ ਮਨੁੱਖ ਦੇ ਨਿਰੇ ਮਨੋ-ਵਿਗਿਆਨ ਨੂੰ ਨਹੀਂ, ਉਸ ਦੀ ਸਮੁੱਚੀ ਹਸਤੀ ਦੀ ਸੰਬਾਦਕਤਾ ਨੂੰ ਪੇਸ਼ ਕਰਦੀ ਹੈ। ਮਨੁੱਖਾ ਹਸਤੀ ਦਾ ਆਧਾਰ ਇਹ ਹੱਡ-ਮਾਸ ਦਾ ਸਰੀਰ ਨਹੀਂ, ਸਗੋਂ ਮਨੁੱਖੀ ਰਿਸ਼ਤਿਆਂ ਦਾ ਉਹ ਤਾਣਾ-ਪੇਟਾ ਹੈ, ਜਿਹੜਾ ਉਸ ਹਸਤੀ ਦੇ ਦੁਆਲੇ ਵਲਿਆ ਜਾਂਦਾ ਹੈ।

ਇਥੇ ਹੀ ਇਸ ਗੱਲ ਵੱਲ ਧਿਆਨ ਦੁਆਉਣਾ ਵੀ ਕੁਥਾਵੇਂ ਨਹੀਂ ਹੋਵੇਗਾ ਕਿ ਵਿਰਕ ਵਿਚ ਇਹ ਮਾਨਵਵਾਦ ਇਕ ਸਹਿਜ ਕਿਸਮ ਦਾ ਹੁੰਦਾ ਹੈ। ਉਸ ਵਿਚ ਤੀਖਣਤਾ ਜਾਂ ਤੇਜ਼ੀ ਨਹੀਂ। ਇਹ ਗੱਲ ਉਹਨਾਂ ਕਹਾਣੀਆਂ ਬਾਰੇ ਵੀ ਠੀਕ ਹੈ, ਜਿਨਾਂ ਦੇ ਵਿਸ਼ੇ ਵਸਤੁ ਦਾ ਸੰਬੰਧ ਜਿਨਸੀ ਵਤੀਰੇ ਨਾਲ ਹੈ। ਉਹ ਘਟਨਾ ਦੇ ਬਿਆਨ ਉਤੇ ਭਾਵਾਂ ਦੀ ਚਸ਼ਨੀ ਚੜਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਇਸ ਨੂੰ ਸਿੱਧੀ, ਸਪਸ਼ਟ, ਨਿਰਲੇਪ ਜਹੀ ਬੋਲੀ ਵਿਚ ਬਿਆਨ ਕਰ ਦੇਂਦਾ ਹੈ। 'ਅੰਦਰੋਂ ਕੁੰਡੀ ਮਾਰ ਮਾਸਟਰ ਜੀ 'ਤੇ ਹਿੰਦੀ ਇਕ ਮੰਜੀ 'ਤੇ ਲੇਟੇ ਹੋਏ ਸਨ ਪਰ ਅਮਲ ਅਮਲ ਦੀ ਰਟ ਲਾਉਣ ਵਾਲੇ ਮਾਸਟਰ ਜੀ ਤੋਂ ਅਮਲ ਇੰਨੀ ਦੂਰ ਸੀ ਜਿੰਨਾ ਮੱਸਿਆ ਦੀ ਰਾਤ ਤੋਂ ਚੰਨ। ਅਸਲ ਵਿਚ ਹਿੰਦੀ ਦੇ ਸਰੀਰ ਦਾ ਜੋਬਨ ਮਾਸਟਰ ਜੀ ਤੋਂ ਝੱਲਿਆ ਨਹੀਂ ਜਾਂਦਾ ਸੀ। ਗਾਰ ਦੀ ਅਥਾਹ ਦੌਲਤ ਨੇ ਗਰੀਬ ਕਾਸਿਮ ਦੇ ਮਨ ਨੂੰ ਫੇਹ ਸੁਟਿਆ ਸੀ ।’ (‘ਅਲੀ ਬਾਬਾ ਤੇ ਕਾਸਿਮ) । ਬਿਨਾਂ ਕਿਸੇ ਵਿਸਥਾਰ ਅਤੇ ਬਿਨਾਂ ਕਿਸੇ ਭਾਵਾਂ-ਲੱਦੇ ਬਿਆਨੀਆ ਸ਼ਬਦਾਵਲੀ ਦੇ, ਲੇਖਕ 'ਅਮਲ' ਦੀ ਪ੍ਰਕਿਰਤੀ ਨੂੰ, 'ਜੋਬਨ' ਨੂੰ ਅਤੇ 'ਜੋਬਨ' ਦੇ ਪ੍ਰਭਾਵ ਨੂੰ ਬਿਆਨ ਕਰ ਗਿਆ ਹੈ। ਧੀਮੀ ਸੁਰ ਵਿਚ ਯਥਾਰਥ ਦਾ ਬੋਧ ਕਰਾਉਣਾ ਚੰਗੇ ਵਾਰਤਕਕਾਰ ਦਾ ਹੀ ਗੁਣ ਹੁੰਦਾ ਹੈ।

115