ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਭਾਵਨਾਵਾਂ ਭਰਪੂਰ ਦਸਿਆ ਜਾਂਦਾ ਹੈ। ਉਸ ਦੇ ਆਲੋਚਕਾਂ ਦੀ ਇਕ ਪ੍ਰਧਾਨ ਚਿੰਤਾ ਇਹ ਨਿਸ਼ਚਤ ਕਰਨਾ ਲੱਗਦੀ ਹੈ ਕਿ ਉਹ ਕਿੰਨਾ ਕੁ ਨਕਸਲੀ, ਕਿੰਨਾ ਕੁ ਪ੍ਰਗਤੀਸ਼ੀਲ, ਅਤੇ ਕਿੰਨਾ ਕੁ ਪ੍ਰਤਿਗਾਮੀ, ਸਗੋਂ ਪੁਤਿਕਿਰਿਆਵਾਦੀ ਹੈ। ਕੁਝ ਆਲੋਚਕਾਂ ਨੇ ਤਾਂ ਉਸ ਦੇ ਹਿੱਸੇ ਬਣਾ ਕੇ ਵੀ ਦੱਸ ਦਿੱਤੇ ਹਨ ਕਿ ਉਸ ਦਾ ਫ਼ਲਾਂ ਹਿੱਸਾ ਪ੍ਰਤਿਗਾਮੀ ਹੈ, ਫ਼ਲਾਂ ਹਿੱਸਾ ਇਨਕਲਾਬੀ ਹੈ।

ਮੇਰੀ ਐਸੀ ਕੋਈ ਚਿੰਤਾ ਨਹੀਂ। ਮੈਂ ਕਿਸੇ ਨੂੰ ਇਸ ਕਰਕੇ ਨਹੀਂ ਪੜ੍ਹਦਾ, ਸਲਾਹੁੰਦਾ ਜਾਂ ਨਿੰਦਦਾ ਕਿ ਕੋਈ ਪ੍ਰਗਤੀਸ਼ੀਲ ਹੈ ਜਾਂ ਪ੍ਰਤਿਗਾਮੀ ਹੈ। ਨਾ ਹੀ ਆਲੋਚਨਾ ਦਾ ਮੰਤਵ ਇਹ ਮਿੱਥਣਾ ਅਤੇ ਸਿੱਧ ਕਰਨਾ ਹੀ ਹੈ ਕਿ ਕੋਈ ਪ੍ਰਗਤੀਸ਼ੀਲ ਹੈ ਜਾਂ ਨਹੀਂ। ਮੇਰੇ ਲਈ ਇਸ ਤਰਾਂ ਦੇ ਵਿਸ਼ੇਸ਼ਣ ਬਿਆਨ ਦੇ ਸਾਧਨ ਤਾਂ ਹੋ ਸਕਦੇ ਹਨ, ਕਦਰ ਦੀ ਕਸੌਟੀ ਨਹੀਂ। ਜਦ ਕਿ ਆਲੋਚਨਾ ਦਾ ਅਸਲ ਮੰਤਵ ਕਦਰ ਪਾਉਣਾ, ਕੀਮਤ ਨਿਸ਼ਚਿਤ ਕਰਨਾ ਹੈ, ਕੇਵਲ ਪਛਾਨਣਾ, ਬਿਆਨਣਾ ਅਤੇ ਸਮਝਾਉਣਾ ਹੈ ਨਹੀਂ।

ਤਾਂ ਇਹ ਕਦਰ ਦੀ ਕਸੌਟੀ ਕੀ ਹੋਵੇ? ਸਾਡੇ ਬਹੁਤੇ ਲਿਖਣ ਵਾਲੇ ਇਸ ਗੱਲ ਤੋਂ ਚੇਤਨ ਨਹੀਂ ਲੱਗਦੇ ਕਿ ਉਹ ਲਿਖਣ ਦੇ ਯਤਨ ਵਿਚ ਸਮੇਂ ਨੂੰ ਚੁਣੌਤੀ ਦੇ ਰਹੇ ਹੁੰਦੇ ਹਨ। ਉਸ ਦਾ ਹਾਣੀ ਹੋਣ ਦਾ, ਸਗੋਂ ਉਸ ਤੋਂ ਅੱਗੇ ਹੋਣ ਦਾ ਦਾਅਵਾ ਕਰ ਰਹੇ ਹੁੰਦੇ ਹਨ। ਕਿਸੇ ਲੇਖਕ ਦੀ ਇਸ ਤੋਂ ਵੱਧ ਪ੍ਰਸੰਸਾ ਨਹੀਂ ਹੋ ਸਕਦੀ ਕਿ ਉਸ ਨੂੰ ਸਮੇਂ ਦਾ ਹਾਣੀ ਕਹਿ ਦਿੱਤਾ ਜਾਏ ਅਤੇ ਜੇ ਉਹ ਸਮੇਂ ਨੂੰ ਵੀ ਅੱਗ ਦੀ ਹੋ ਕੇ ਮਿਲੇ ਤਾਂ ਉਹ ਰੱਬ ਹੋ ਜਾਂਦਾ ਹੈ। ਕਿਸੇ ਵੀ ਲੇਖਕ ਦੀ ਵਡਿੱਤਣ ਉਸੇ ਹਿਸਾਬ ਨਾਲ ਹੀ ਹੁੰਦੀ ਹੈ ਜਿਸ ਹਿਸਾਬ ਨਾਲ ਉਹ ਆਪਣੇ ਸਮੇਂ ਦੇ ਸਮਾਜਕ ਵਰਤਾਰਿਆਂ ਨੂੰ ਪੇਸ਼ ਕਰੇ ਸਕਿਆ ਹੁੰਦਾ ਹੈ; ਉਹਨਾਂ ਬਾਰੇ ਸਾਡੇ ਗਿਆਨ ਨੂੰ ਵਧਾ ਸਕਿਆ ਹੁੰਦਾ ਹੈ ਅਤੇ ਡੂੰਘਾ ਬਣਾ ਸਕਿਆ ਹੁੰਦਾ ਹੈ। ਅਤੇ ਇਹ ਸਾਰਾ ਕੁਝ ਕਰਦਾ ਹੋਇਆ, ਉਹ ਸਾਡੇ ਸੁਹਜ ਸੁਆਦ ਨੂੰ ਨਾ ਸਿਰਫ਼ ਤ੍ਰਿਪੁਤ ਹੀ ਕਰਦਾ ਹੈ, ਸਗੋਂ ਸਾਡੀ ਸੰਵੇਦਨਾ ਨੂੰ ਨਵਾਂ ਪਸਾਰ ਵੀ ਦੇਦਾ ਹੈ।

ਪੰਜਾਬੀ ਵਿਚ ਐਸਾ ਲੇਖਕ ਤਾਂ ਸ਼ਾਇਦ ਕੋਈ ਵੀ ਨਾ ਮਿਲ ਸਕੇ ਜਿਸ ਨੇ ਆਪਣੇ ਸਮੇਂ ਦੇ ਸਾਰੇ ਸਮਾਜਕ ਵਰਤਾਰਿਆਂ ਨੂੰ ਆਪਣੀ ਰਚਨਾ ਦੀ ਲਪੇਟ ਵਿਚ ਲੈਣ ਦਾ ਦਲੇਰ ਉਪਰਾਲਾ ਕੀਤਾ ਹੋਵੇ; ਤੇ ਇਹ ਕੋਈ ਲਾਜ਼ਮੀ ਵੀ ਨਹੀਂ। ਲਾਜ਼ਮੀ ਇਹ ਹੈ ਕਿ ਜੀਵਨ ਦੇ ਜਿਸ ਟੋਟੇ ਨੂੰ ਤੁਸੀਂ ਚੁਣਦੇ ਹੋ, ਉਸ ਪ੍ਰਤਿ ਤੁਹਾਡਾ ਗਿਆਨ ਸਰਬੰਗੀ, ਪੁਖ਼ਤਾ ਅਤੇ ਪ੍ਰਮਾਣਿਕ ਹੋਵੇ।

ਇਸ ਪੱਖੋਂ ਨਿੱਕੀ ਕਹਾਣੀ ਦੇ ਖੇਤਰ ਵਿਚ ਸਥਿਤੀ ਬਹੁਤੀ ਨਿਰਾਸ਼ਾਜਨਕ ਨਹੀਂ। ਜੇ ਅਸੀਂ ਆਪਣੇ ਸਥਾਪਤ ਕਹਾਣੀਕਾਰਾਂ - ਦੁੱਗਲ, ਸੇਖੋਂ ਅਤੇ ਵਿਰਕ - ਨੂੰ ਹੀ ਲਈਏ, ਤਾਂ ਉਹ ਆਪਣੇ ਸਮਿਆਂ ਦੇ ਸਾਰੇ ਸੱਚ ਨੂੰ ਭਾਵੇਂ ਬਿਆਨ ਨਹੀਂ ਕਰਦੇ ਪਰ

120