ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/135

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਪੇਸ਼ ਕਰਦੀਆਂ ਹਨ_ਅਕਸਰ ਬਿਨਾਂ ਕਿਸੇ ਸਦਾਚਾਰਕ ਲੱਗ-ਲਗਾਵ ਜਾਂ ਅਰਥਾਂ ਦੇ। ਅਤੇ ਜੇ ਕੋਈ ਸਦਾਚਾਰਕ ਅਰਥ ਹੋਵੇਗਾ ਵੀ ਤਾਂ ਓਪਰਾ ਓਪਰਾ, ਪਲੇਥਣ ਵਾਂਗ। ਇਹ ਐਸਾ ਵਿਸ਼ਾ ਹੈ ਜਿਸ ਉਤੇ ਆ ਕੇ ਸਾਡੇ ਐਸੇ ਕਹਾਣੀ ਲੇਖਕ ਵੀ ਤਿਲਕ ਜਾਂਦੇ ਹਨ, ਜਿਹੜੇ ਵੈਸੇ ਬੇਹੱਦ ਕਲਾ-ਕੌਸ਼ਲਤਾ ਰੱਖਦੇ ਅਤੇ ਦੂਜੀਆਂ ਕਹਾਣੀਆਂ ਵਿਚ ਤੀਖਣ ਸਮਾਜਕ ਸੂਝ ਦਾ ਪ੍ਰਗਟਾਵਾ ਕਰਦੇ ਹਨ।

ਵਿਚਾਰ ਅਧੀਨੇ ਸਮੇਂ ਵਿੱਚ, ਕਿਰਪਾਲ ਕਜ਼ਾਕ ਦੀ ਕਹਾਣੀ "ਪਾਣੀ ਦੀ ਕੰਧ" ਔਰਤ ਦੀ ਮਰਦ ਦੇ ਮੁਕਾਬਲੇ ਉਤੇ ਨਾਬਰਾਬਰੀ ਦੇ ਵਿਸ਼ੇ ਨੂੰ ਲੈ ਕੇ ਲਿਖੀ ਲੱਗਦੀ ਹੈ, ਪਰ ਇਸ ਵਿਸ਼ੇ ਨੂੰ ਨਿਰੋਲ ਜਿਨਸੀ ਪੱਧਰ ਉਤੇ ਸੀਮਿਤ ਕਰ ਕੇ ਰਹਿ ਗਈ ਹੈ। ਦਰਸ਼ਨ ਮਿਤਵਾ ਦੀ ਕਹਾਣੀ "ਹੁਣ ਕਰਣ ਕੰਨ ਵਿਚੋਂ ਨਹੀਂ ਜੰਮੇਗਾ" ਵਿਚ ਇਕ ਸੱਸ ਆਪਣੀ ਨੂੰਹ ਨੂੰ ਆਸੇ ਕਰਾਉਣ ਲਈ ਗਲੀ ਦਾ ਕੋਈ ਮੁੰਡਾ ਲੱਭ ਲਿਆਉਂਦੀ ਹੈ। ਬਚਿੰਤ ਕੌਰ ਦੀ ਮੇਮਣਾ ਕਹਾਣੀ ਵਿਚ ਇਕ ਔਰਤ ਆਪਣੇ ਘਰ ਵਾਲੇ ਤੋਂ ਇਕ ਹੋਰ ਔਰਤ ਦਾ ਬਲਾਤਕਾਰ ਕਰਾਉਂਦੀ ਹੈ, ਅਤੇ ਇਸ ਨੂੰ ਇਸਤ੍ਰੀ-ਵਿਦਰੋਹ ਦਾ ਪ੍ਰਗਟਾਵਾ ਦੱਸਿਆ ਗਿਆ ਹੈ। ਪ੍ਰੀਤਮ ਦੀ ਕਹਾਣੀ "ਇਕ ਮਿੱਤਰ ਦਾ ਬਿਆਨ" (ਲੋਅ, ਜੂਨ 83) ਵਿਚ ਇਕ ਔਰਤ ਆਪਣੇ ਘਰ ਵਾਲੇ ਦੀ ਸ਼ਰਾਬ ਦਾ ਖ਼ਰਚਾ ਚਲਾਉਣ ਦੀ ਖ਼ਾਤਰ ਉਸ ਦੇ ਲਿਆਂਦੇ ਸ਼ਰਾਬੀ ਦੋਸਤਾਂ ਦੀ ਲਿੰਗ-ਭੁੱਖ ਪੂਰੀ ਕਰਦੀ ਹੈ। ਗੁਰਪਾਲ ਲਿਟ ਦੀ ਕਹਾਣੀ "ਇਹ ਵੀ ਤਾਂ..." (ਲੋਅ, ਜੁਲਾਈ 83) ਦੀ ਕੇਂਦਰੀ ਘਟਨਾ ਗਵਾਂਢੀਆਂ ਦੇ ਘਰ, ਪਰਦੇ ਪਿੱਛੇ ਦਿਓਰ-ਭਰਜਾਈ ਦੀ ਕਾਮ-ਕ੍ਰੀੜਾ ਦੇਖ ਕੇ ਉਤੇਜਿਤ ਹੋਈ ਇਸਤ੍ਰੀ ਦਾ ਜਿਨਸੀ ਵਿਹਾਰ ਹੈ। ਇਸ ਨੂੰ ਇਕ ਵੇਸਵਾ ਦੇ ਸੁਧਾਰ ਨਾਲ ਜੋੜਿਆ ਗਿਆ ਹੈ, ਜਿਹੜੀ ਹੁਣ ਸਿਰਫ਼ ਆਪਣੀ ਮਰਜ਼ੀ ਦੇ ਦੇ ਤਿੰਨ ਬੰਦਿਆਂ ਨਾਲ (!) ਰਹਿਣਾ ਚਾਹੁੰਦੀ ਹੈ, ਪਰ ਸਮਾਜ ਉਸ ਨੂੰ ਸੁਧਰਣ ਨਹੀਂ ਦੇਂਦਾ। ਬਲਜੀਤ ਸਿੰਘ ਰੈਨਾ ਦੀ "ਜਾਇਜ਼ ਨਜਾਇਜ਼" (ਅਕਸ਼, ਅਪ੍ਰੈਲ 83) ਵਿਚ ਮਾਮੇ ਦਾ ਪੁੱਤ ਭੂਆ ਦੀ ਧੀ (ਉਮਰ 10-12 ਸਾਲ) ਦੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ - "ਕਾਸ਼ ਕਿ ਅਸੀਂ ਮੁਸਲਮਾਨ ਹੁੰਦੇ!" ਸਾਡੀਆਂ ਹਾਲਤਾਂ ਵਿਚ ਜਿਸ ਦਾ ਅਗਲਾ ਪੜਾਅ ਹੁਣ ਇਹ ਹੋ ਸਕਦਾ ਹੈ ਕਿ ਇਕ ਭਰਾ ਆਪਣੀ ਭੈਣ ਦੀਆਂ ਅੱਖਾਂ ਵਿਚ ਝਾਕ ਕੇ ਕਹਿੰਦਾ ਹੈ - "ਕਾਸ਼ ਅਸੀਂ ਇੱਕੋ ਮਾਂ ਪਿਓ ਦੇ ਨਾ ਹੁੰਦੇ!"

ਇਸ ਸੂਚੀ ਵਿਚ ਕਾਫ਼ੀ ਵਾਧਾ ਕੀਤਾ ਜਾ ਸਕਦਾ ਹੈ।

ਜਿਨਸੀ ਸੰਬੰਧਾਂ ਨੂੰ ਮਿਸ਼ਨਰੀ ਉਤਸ਼ਾਹ ਨਾਲ ਕਿਸੇ ਨਾ ਕਿਸੇ ਸਿਧਾਂਤ ਦੁਆਲੇ ਵੇ ਘੁਮਾਇਆ ਜਾਂਦਾ ਹੈ। ਇਹ ਸਿਧਾਂਤ ਮੁਖ ਤੌਰ ਉਤੇ ਤਿੰਨ ਹਨ - (1) ਕਿ ਇਸ ਤਰ੍ਹਾਂ ਸਥਾਪਤ ਕਦਰਾਂ-ਕੀਮਤਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ; (2) ਕਿ ਇਹ ਔਰਤ ਦੇ ਆਜ਼ਾਦੀ ਦੇ ਪ੍ਰਤੀਕ ਹਨ, ਅਤੇ (3) ਕਿ ਇਸ ਤਰ੍ਹਾਂ ਪਿਆਰ ਉਪਰ ਲੱਗੀਆਂ ਬੰਦਸ਼ਾਂ ਨੂੰ ਤੋੜਿਆ ਜਾ ਰਿਹਾ ਹੈ।

129