ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤਾਂ ਵੀ ਨਿੱਕੀ ਕਹਾਣੀ ਦੇ ਸਿਧਾਂਤ ਅਤੇ ਇਤਿਹਾਸ ਦੇ ਪੱਖੋਂ ਇਸ ਦਾ ਸਿੱਟਾ ਦੂਜੇ ਸਾਹਿਤਾਂ ਨਾਲੋਂ ਵੱਖਰਾ ਨਹੀਂ ਨਿਕਲਿਆ। ਪੰਜਾਬੀ ਵਿਚ ਨਿੱਕੀ ਕਹਾਣੀ ਦਾ ਇਤਿਹਾਸ ਕੋਈ ਨਹੀਂ ਮਿਲਦਾ। ਨਿੱਕੀ ਕਹਾਣੀ ਦੇ ਸੰਬੰਧ ਵਿਚ ਕੁਝ ਕਿਤਾਬਾਂ ਲਿਖੀਆਂ ਜ਼ਰੂਰ ਮਿਲਦੀਆਂ ਹਨ, ਜਿਵੇਂ ਕਿ ਪੰਜਾਬੀ ਕਹਾਣੀ ਦਾ ਵਿਕਾਸ, ਪੰਜਾਬੀ ਕਹਾਣੀਕਾਰ, ਸਮਕਾਲੀ ਪੰਜਾਬੀ ਕਹਾਣੀ, ਆਦਿ ਜਿਹੜੀਆਂ ਆਪਣੇ ਨਾਵਾਂ ਕਰਕੇ ਪੰਜਾਬੀ ਕਹਾਣੀ ਦਾ ਇਤਿਹਾਸ ਹੋਣ ਦਾ ਝਾਵਲਾ ਦੇਂਦੀਆਂ ਹਨ। ਇਹ ਸਾਰੀਆਂ ਇੱਕੋ ਹੀ ਪੈਟਰਨ ਉਤੇ ਚਲਦੀਆਂ ਹਨ; ਸ਼ੁਰੂ ਸ਼ੁਰੂ ਵਿਚ ਕਹਾਣੀ ਬਾਰੇ ਆਮ ਕਰਕੇ, ਪੰਜਾਬੀ ਕਹਾਣੀ ਬਾਰੇ ਖ਼ਾਸ ਕਰਕੇ, ਅਤੇ ਕਹਾਣੀ-ਕਲਾ ਬਾਰੇ ਲਮਕਵੇਂ ਜਿਹੇ ਨੋਟ ਦਿੱਤੇ ਹੁੰਦੇ ਹਨ ਤੇ ਫਿਰ ਇਕੱਲੇ ਇਕੱਲੇ ਕਹਾਣੀਕਾਰ ਨੂੰ ਫੜ ਕੇ ਉਸ ਦੀ ਕਹਾਣੀ-ਕਲਾ ਦੀ, ਪਰ ਅਕਸਰ ਕਹਾਣੀਕਾਰ ਦੀ ਆਪਣੀ ਵੀ, ਚੀਰ-ਫਾੜ ਕੀਤੀ ਗਈ ਹੁੰਦੀ ਹੈ। ਇਹਨਾਂ ਵਿਚ ਜੋ ਕੋਈ ਘਾਟ ਹੈ ਤਾਂ ਕਿਸੇ ਅੰਤਰ-ਦ੍ਰਿਸ਼ਟੀ ਦੀ, ਜੋ ਬਹੁਲਤਾ ਹੈ ਤਾਂ ਅਣਪਚਾਈਆਂ ਅੰਗਰੇਜ਼ੀ ਟੂਕਾਂ, ਪ੍ਰਭਾਵਵਾਦੀ ਟਿੱਪਣੀਆਂ ਅਤੇ ਅੰਗਰੇਜ਼ੀ ਨਾਵਾਂ ਅਤੇ ਸ਼ਬਦਾਂ ਦੇ ਗਲਤ ਸ਼ਬਦ-ਜੋੜਾਂ ਅਤੇ ਉਚਾਰਣਾਂ ਦੀ। ਸਮੁੱਚੀ ਮਸ਼ਕ ਵਿਚ ਵਿਕਾਸ ਦੇ ਕਿਸੇ ਸਾਂਝੇ ਧਾਗੇ ਨੂੰ ਲੱਭਣ ਦੀ ਕੋਸ਼ਿਸ਼ ਨਿਰਮੂਲ ਹੋਵੇਗੀ।
ਕਿਸੇ ਵੀ ਸ਼ਾਹਿਤ-ਰੂਪ ਦਾ ਇਤਿਹਾਸ ਲਿਖਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਨੂੰ ਪਰਿਭਾਸ਼ਿਤ ਕਰਨ ਵਾਲੇ ਅਤੇ ਦੂਜੇ ਸਾਹਿਤ-ਰੂਪਾਂ ਨਾਲੋਂ ਨਿਖੇੜਣ ਵਾਲੇ ਗੁਣ, ਤੱਤ ਜਾਂ ਅੰਸ਼ ਸਪਸ਼ਟ ਹੋਣ। ਨਿੱਕੀ ਕਹਾਣੀ ਦੇ ਸੰਬੰਧ ਵਿਚ ਇਹ ਸਿਰਫ਼ ਦੋ ਹਨ: ਇਕ - ਕਿ ਇਹ ਵਾਰਤਕ ਵਿਚ ਲਿਖੀ ਕਹਾਣੀ ਹੁੰਦੀ ਹੈ। ਦੋ - ਕਿ ਇਹ ਨਿੱਕੀ ਹੁੰਦੀ ਹੈ। ਪਾਤਰ, ਪਲਾਟ, ਵਾਰਤਾਲਾਪ, ਵਾਤਾਵਰਣ, ਟੱਕਰ, ਆਦਿ, ਮਧ, ਅੰਤ, ਵਗੈਰਾ ਵਗੈਰਾ ਨਿਰੋਲ ਨਿੱਕੀ ਕਹਾਣੀ ਨਾਲ ਸੰਬੰਧਤ ਨਹੀਂ, ਇਸ ਲਈ ਇਸ ਦੀ ਪਰਿਭਾਸ਼ਾ ਵਿਚ ਸ਼ਾਮਲ ਨਹੀਂ ਹੋ ਸਕਦੇ। ਇਹਨਾਂ ਬਾਰੇ ਵਧ ਤੋਂ ਵਧ ਇਹ ਕਿਹਾ ਜਾ ਸਕਦਾ ਹੈ ਕਿ ਐਡਗਰ ਐਲਨ ਪੋ ਤੋਂ ਲੈ ਕੇ ਆਨਤੋਨ ਚੈਖ਼ੋਵ ਤਕ ਦੇ ਨਿੱਕੀ ਕਹਾਣੀ ਦੇ ਵਿਕਾਸ ਵਿਚਲੇ ਪੜਾਵਾਂ ਨੂੰ, ਇਹਨਾਂ ਅੰਸ਼ਾਂ ਉਪਰ ਵਖੋ ਵਖਰੀ ਮਾਤਰਾ ਵਿਚ ਜ਼ੋਰ ਦੇਣ ਕਰਕੇ ਨਿਖੇੜਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿਚ, ਨਿੱਕੀ ਕਹਾਣੀ ਦੇ ਇਤਿਹਾਸ ਵਿਚ ਤਾਂ ਇਹਨਾਂ ਦਾ ਫਿਰ ਵੀ ਥਾਂ ਹੋ ਸਕਦਾ ਹੈ, ਪਰ ਪਰਿਭਾਸ਼ਾ ਵਿਚ ਨਹੀਂ।

ਤਾਂ ਵੀ ਸਿਰਫ਼ ਨਿੱਕੇ ਆਕਾਰ ਵਾਲੀ ਵਾਰਤਕ ਵਿਚ ਲਿਖੀ ਹਰ ਕਹਾਣੀ ਨੂੰ ਅਸੀਂ ਨਿੱਕੀ ਕਹਾਣੀ ਕਹਿ ਦੇਈਏ, ਇਹ ਵੀ ਗੱਲ ਨਹੀਂ ਬਣਦੀ। ਇਥੇ ਪੱਛਮੀ ਸਾਹਿਤ-ਸ਼ਾਸਤਰੀ ਇਕ ਤੀਜਾ ਅੰਸ਼ ਲੈ ਆਉਂਦੇ ਹਨ, ਜਿਸ ਨੂੰ ਉਹ ਬਝਵੇਂ ਪ੍ਰਭਾਵ ਦਾ ਦੇਂਦੇ ਹਨ, ਜੋ ਕਿ ਆਪਣੇ ਆਪ ਵਿਚ ਹੋਰ ਵੀ ਜ਼ਿਆਦਾ ਵਿਸ਼ਾਲ ਅਰਥਾਂ ਵਿਚ ਅਤੇ ਵਿਸ਼ਾਲ ਪੈਮਾਨੇ ਉਤੇ ਵਰਤਿਆ ਜਾਣ ਵਾਲਾ ਸ਼ਬਦ ਹੈ। ਵਖੋ ਵਖਰੇ ਸਾਹਿਤ-

8