ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਣ ਤੋਂ ਨਹੀਂ ਬਚ ਸਕਦੀ।

ਜੋਸ਼ੀ ਦੇ ਦੋਹਾਂ ਨਾਵਲਾਂ ਵਿਚ ਵੀ ਅਤੇ ਕਹਾਣੀਆਂ ਵਿਚ ਵੀ ਉਸ ਥੀਮ ਦੀ ਕਾਫ਼ੀ ਬਹੁਲਤਾ ਹੈ, ਜਿਹੜੀ ਉਸ ਦੀ ਆਤਮ-ਕਥਾ ਵਿਚ ਬਿਲਕੁਲ ਨਹੀਂ ਮਿਲਦੀ - ਭਾਵ, ਪਿਆਰ, ਰੋਮਾਂਸ ਅਤੇ ਇਸਤ੍ਰੀ-ਪੁਰਸ਼ ਦੇ ਲਿੰਗ-ਸੰਬੰਧਾਂ ਦੀ। ਇਹਨਾਂ ਸੰਬੰਧਾਂ ਦੇ ਵੀ ਉਸ ਨੇ ਸਾਰੇ ਪੱਖ ਵੱਖ ਵੱਖ ਥਾਵਾਂ ਉਤੇ ਵੱਧ ਜਾਂ ਘੱਟ ਤੀਖਣਤਾ ਨਾਲ ਪੇਸ਼ ਕੀਤੇ ਹਨ - ਸੱਚਾ ਪਿਆਰ, ਹਿਰਸ, ਹਵਸ, ਸਭ ਕੁਝ। ਉਸ ਦੀ ਸ਼ੈਲੀ ਦੀ ਕਾਵਿਕਤਾ ਆਪਣੀਆਂ ਸਿਖਰਾਂ ਇਹੋ ਜਿਹੇ ਸੰਬੰਧਾਂ ਦੇ ਵਰਨਣ ਵੇਲੇ ਹੀ ਛੁਹੰਦੀ ਹੈ। ਉਹ ਸ਼ਾਇਦ ਆਪ ਵੀ ਚੇਤੰਨ ਹੈ ਕਿ ਇਹੋ ਜਿਹੀਆਂ ਥਾਵਾਂ ਤੇ ਇਹ ਕਾਵਿਕਤਾ ਉਸ ਦਾ ਗੁਣ ਹੈ, ਬਾਵਜੂਦ ਪ੍ਰੋਫ਼ੈਸਰ ਮੋਹਨ ਸਿੰਘ ਵਲੋਂ ਕਦੀ ਮਿਲੀ ਚੇਤਾਵਨੀ ਨੂੰ ਲਗਾਤਾਰ ਯਾਦ ਰੱਖਣ ਦੇ ਕਿ "ਉਪਮਾਵਾਂ ਘੱਟ ਵਰਤੋਂ।"

ਭਾਵੇਂ ਜੋਸ਼ੀ ਦਾ ਮੀਰੀ ਗੁਣ ਉਸ ਦੀ ਆਂਚਲਿਕਤਾ ਹੈ, ਪਰ ਉਸ ਨੇ ਮਾਲਵੇ ਤੋਂ ਬਾਹਰ ਦੇ ਜੀਵਨ ਨੂੰ ਵੀ ਆਪਣੀ ਗਲਪ ਵਿਚ ਯੋਗ ਥਾਂ ਦਿੱਤੀ ਹੈ। ਜਿਥੇ ਉਸ ਦਾ ਜੀਵਨ ਤਜਰਬਾ ਸਾਰਾ ਕਾਨੂੰਨੀ ਦਾਅ-ਪੇਚਾਂ ਨੂੰ ਸਮਝਣ ਤੇ ਸੁਲਝਾਉਣ ਤਕ ਹੀ ਸੀਮਿਤ ਨਹੀਂ, ਸਗੋਂ ਇਸ ਤੋਂ ਕਿਤੇ ਵਿਸ਼ਾਲ ਹੈ, ਇਸੇ ਤਰਾਂ, ਉਸ ਦੀਆਂ ਕਹਾਣੀਆਂ ਦੇ ਵਿਸ਼ੇ ਅਤੇ ਵਸਤ ਵਿਚ ਵੀ ਵੰਨ-ਸਵੰਨਤਾ ਮਿਲਦੀ ਹੈ, ਜਿਹੜੀ ਉਸ ਨੂੰ ਪੰਜਾਬੀ ਦੇ ਕੁਝ ਕੁ ਚੋਣਵੇਂ ਕਹਾਣੀਕਾਰਾਂ ਦੀ ਕਤਾਰ ਵਿਚ ਰਖਦੀ ਹੈ।

ਸਮੱਸਿਆ ਅਤੇ ਸਮਾਧਾਨ ਦੀ ਕਲਾਤਮਕ ਹੱਦਾਂ ਦੇ ਅੰਦਰ ਰਹਿ ਕੇ ਹੀ ਪੇਸ਼ਕਾਰੀ ਉਸ ਦੀ ਕਲਾ ਦਾ ਇਕ ਹੋਰ ਉਭਰਵਾਂ ਲੱਛਣ ਹੈ, ਸਿਵਾਇ ਦਰੋਪਦੀ ਦਾ ਦੋਸ਼ ਕਹਾਣੀ ਸੰਗ੍ਰਹਿ ਦੇ ਅਤੇ ਕੁਝ ਉਹਨਾਂ ਕਹਾਣੀਆਂ ਦੇ ਜਿਥੇ ਉਹ ਕਾਵਿਕ-ਨਿਆਇ ਨੂੰ ਸਾਹਿਤਕ ਜੁਗਤ ਵਜੋਂ ਵਰਤਦਾ ਹੈ। ਕਹਾਣੀ ਉਪ੍ਰੰਤ ਟਿੱਪਣੀ ਦਰੋਪਦੀ ਦਾ ਦੋਸ਼ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਦਾ ਅਨਿੱਖੜ ਅੰਗ ਹੈ। "ਜਿਹੜੇ ਜੀਅ ਆਪਣੀ ਜ਼ਿੰਦਗੀ ਤਾਂ ਜਿਉਂਦੇ ਹੀ ਹਨ, ਹੋਰਾਂ ਦੀ ਵੀ ਆਪਣੇ ਲੇਖੇ ਲਾ ਲੈਂਦੇ ਹਨ, ਕੀ ਉਨ੍ਹਾਂ ਨੂੰ ਵੀ ਇਨਸਾਨ ਹੀ ਆਖਿਆ ਜਾਂਦਾ ਹੈ, ਮੈਂ ਕਿੰਨਾ ਚਿਰ ਸਿਰ ਫੜ ਕੇ ਸੋਚਦਾ ਰਿਹਾ।" (ਚੌਰਾਹਾ)

"ਦਰੋਪਦੀ ਦੇ ਹੱਥ ਸਿਰਫ਼ ਲਹੂ-ਮਾਸ ਦੇ ਹੀ ਬਣੇ ਹੋਣਗੇ। ਉਨ੍ਹਾਂ ਵਿਚ ਹੱਡੀ ਨਹੀਂ ਹੋਣੀ। ਹੁੰਦੀ ਤਾਂ ਕਿਸੇ ਕੌਰੋ ਦੀ ਅੱਖ ਉਹਦੇ ਬਸਤਰਾਂ ਵਲ ਨਾ ਉਠਦੀ। ਕਈ ਪਾਂਡਵੇ ਉਹਨੂੰ ਜੂਏ ਦੇ ਦਾਅ 'ਤੇ ਲਾਉਣ ਦਾ ਹੀਆ ਨਾ ਕਰਦਾ।" (ਦਰੋਪਦੀ ਦਾ ਦੋਸ਼) "ਇਹਨਾਂ ਬੱਚਿਆਂ ਦਾ ਰੋਣ-ਧੋਣ ਅਜੇ ਜਾਰੀ ਰਹੇਗਾ, ਸ਼ਾਇਦ ਚੋਖੀ ਦੇਰ, ਜਦ ਤਕ ਸਮਝ ਨਹੀਂ ਪੈਂਦੀ ਸਾਡਾ ਪੂੰਜੀ-ਪੂਜ ਸਮਾਜ ਕਿੰਨਾ ਬੇਹਿਸ ਹੈ, ਕਿੰਨਾ ਬੇਕਿਰਕ, ਕਿੰਨਾ ਬੇਰਹਿਮ ..." (ਹਤਿਆਰੇ) ਅਤੇ ਇਸੇ ਤਰ੍ਹਾਂ ਹੋਰ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਪਰ ਚੰਗੀ ਗੱਲ ਹੈ ਕਿ ਜੋਸ਼ੀ ਨੇ ਇਸ ਸੁਲਝਾਉਣੀ ਨੂੰ ਆਪਣੀ ਪੱਕੀ ਸੁਰ ਨਹੀਂ ਬਣਾਇਆ। ਸਿਰਫ਼ ਇਕ ਤਜਰਬਾ ਕੀਤਾ, ਅਤੇ ਛੱਡ ਦਿਤਾ ਲਗਦਾ ਹੈ।

142