ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਧਾਰਨ ਤੌਰ ਉਤੇ ਉਸ ਦੀਆਂ ਕਹਾਣੀਆਂ ਦੀ ਬਣਤਰ ਦੇ ਪੜਾਵਾਂ ਵਾਲੀ ਹੁੰਦੀ ਹੈ - ਸਹਿਜ ਵਿਕਾਸ ਅਤੇ ਤੁਰਤ ਅੰਤ। ਇਸੇ ਲਈ ਜੇ ਕਹਾਣੀ ਦੀਆਂ ਆਖ਼ਰੀ ਪੰਜ-ਸੱਤ ਸਤਰਾਂ ਪੜਨ ਵੇਲੇ ਪਾਠਕ ਅਵੇਸਲਾ ਰਹਿ ਜਾਏ, ਤਾਂ ਕਹਾਣੀ ਦੇ ਪਹਿਲੇ ਹਿੱਸੇ ਦੀ ਵੀ ਅਤੇ ਸਮੁੱਚੀ ਕਹਾਣੀ ਦੇ ਮੰਤਵ ਦੀ ਵੀ, ਸਮਝ ਤੋਂ ਉਹ ਵਾਂਝਿਆ ਜਾਇਗਾ।

ਉਸ ਦੀ ਸ਼ੈਲੀ ਦੇ ਲੱਛਣਾਂ ਨੂੰ ਲਗਭਗ ਹਰ ਆਲੋਚਕ ਨੇ ਇਕ ਆਵਾਜ਼ ਹੋ ਕੇ ਪਛਾਣਿਆ ਅਤੇ ਸਲਾਹਿਆ ਹੈ। ਡਾ. ਅਤਰ ਸਿੰਘ ਨੇ "ਸੰਵਾਰੀ-ਤਰਾਸ਼ੀ ਵਾਕ-ਬਣਤਰ ਅਤੇ ਅਤਿ ਸੰਕੇਤਕ ਸੂਖਮ ਵਿਅੰਗ" ਵਲ ਧਿਆਨ ਦੁਆਇਆ ਹੈ। ਡਾ. ਹਰਿਭਜਨ ਸਿੰਘ ਅਨੁਸਾਰ ਉਸ ਨੇ ਮਲਵਈ ਅਨੁਭਵ ਅਤੇ ਬੋਲੀ ਨੂੰ ਆਪਣੀ ਸਾਹਿਤਕ ਸਮਰਥਾਂ ਦੀ ਪਛਾਣ ਦਿਤੀ ਹੈ।" ਡਾ. ਉੱਪਲ ਨੇ ਉਸ ਦੀ ਢੁਕਵੀਂ ਫਬਵੀਂ ਸ਼ਬਦਾਵਲੀ ਅਤੇ ਸਜਰੇ ਤੇ ਢੁਕਵੇਂ ਅਲੰਕਾਰਾਂ ਦੀ ਪ੍ਰਸੰਸਾ ਕੀਤੀ ਹੈ। ਸ਼ੈਲੀ ਦੇ ਬਾਰੇ ਆਲੋਚਕਾਂ ਦੀ ਇਹ ਸਹਿਮਤੀ ਜੋਸ਼ੀ ਦੀ ਹੀ ਧਰਾਪਤੀ ਹੈ।

ਜਸਟਿਸ ਜੋਸ਼ੀ ਦੀ ਕਿਰਤ ਤੋਂ ਸਮੁੱਚੇ ਤੌਰ ਉਤੇ ਇਹ ਪ੍ਰਭਾਵ ਰਹਿ ਜਾਂਦਾ ਹੈ ਕਿ ਉਸ ਦੀਆਂ ਪਰਾਪਤੀਆਂ ਉਸ ਦੀਆਂ ਸਮਰੱਥਾਵਾਂ ਦੇ ਨਾਲ ਮੇਲ ਨਹੀਂ ਖਾਂਦੀਆਂ। ਸਮਰੱਥਾਵਾਂ ਦੀ ਹੋਰ ਵੀ ਜ਼ਿਆਦਾ ਵਰਤੋਂ ਦੀ ਕਾਮਨਾ ਉੱਠਦੀ ਹੈ। ਆਪਣੀ ਆਤਮਕਥਾ ਵਿਚ ਉਸ ਨੇ ਵਕਤ ਦੀ ਘਾਟ ਦਾ ਗਿਲਾ ਕੀਤਾ ਹੈ, ਜਿਹੜਾ ਸੇਵਾ-ਮੁਕਤ ਹੋਣ ਉਪਰੰਤ ਨਹੀਂ ਚਲਣਾ ਚਾਹੀਦਾ। ਬਲਰਾਜ ਸਾਹਨੀ ਦਾ ਕਹਿਣਾ ਸੀ ਕਿ ਜੋਸ਼ੀ ਦੀ ਇਕ ਇਕ ਕਹਾਣੀ ਚਾਰ ਚਾਰ ਨਾਵਲਾਂ ਨੂੰ ਸਮੋਈ ਬੈਠੀ ਹੁੰਦੀ ਹੈ। ਮੇਰੇ ਪੱਤੇ ਮੇਰੀ ਖੇਡ ਕਹਾਣੀਆਂ ਦੀ ਖਾਣ ਲੱਗਦੀ ਹੈ। ਆਤਮ-ਕਥਾ ਦਾ ਬਹੁਤਾ ਸਫ਼ਰ ਅਜੇ ਅੰਕਿਤ ਹੋਣ ਵਾਲਾ ਹੈ। ਪ੍ਰਤਿਨਿਧ ਜੋਸ਼ੀ-ਸ਼ੈਲੀ ਗਿਆਨ ਦੇ ਕਿਸੇ ਖੇਤਰ ਵਿਚ ਵੀ ਨਿੱਤਰੇ, ਉਹ ਰੌਚਕ ਰਚਨਾਵਾਂ ਦੇਣ ਦਾ ਯਕੀਨ ਦੁਆ ਸਕਦੀ ਹੈ। ਇਹ ਸਾਰਾ ਕੁਝ ਗਲਪਕਾਰ ਤੇ ਸ਼ੈਲੀਕਾਰ ਜੋਸ਼ੀ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਤੇ ਦੇਣਦਾਰੀ ਹੈ, ਜਿਸ ਨੂੰ ਨਿਪਟਾਏ ਤੋਂ ਬਿਨਾਂ ਉਹ ਸੁਰਖ਼ਰੂ ਹੋਇਆ ਨਹੀਂ ਮੰਨਿਆਂ ਜਾਇਗਾ।

( 30 ਅਪ੍ਰੈਲ, 1985 ਨੂੰ ਪੰਜਾਬੀ
ਅਕਾਡਮੀ, ਦਿੱਲੀ ਵੱਲ, 'ਸਨਮਾਨ
ਅਤੇ ਸਮੀਖਿਆ" ਗੋਸ਼ਟੀਆਂ ਦੀ
ਲੜੀ ਵਿਚ ਜਸਟਿਸ ਮਹਿੰਦਰ ਸਿੰਘ
ਜੋਸ਼ੀ ਬਾਰੇ ਕਰਵਾਈ ਗਈ ਗੋਸ਼ਟੀ
ਵਿਚ ਪੜ੍ਹਿਆ ਗਿਆ।)

143