ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈਂਦੀ ਹੈ। ਇਹ ਸਥਿਤੀ ਅਲਪ-ਕਾਲੀ ਵੀ ਹੋ ਸਕਦੀ ਹੈ, ਦੀਰਘ-ਕਾਲੀ ਵੀ। ਸਾਹਿਤ ਵਿਚ ਕੌਮੀ ਪਛਾਣ ਲੱਭਣ ਲਈ ਇਹ ਗੱਲ ਧਿਆਨ ਵਿਚ ਰੱਖਣੀ ਜ਼ਰੂਰੀ ਹੈ ਕਿ ਸਾਹਿਤ ਨੂੰ ਸਮਾਜਕ ਚੇਤਨਾ ਦਾ ਇਕ ਰੂਪ ਕਿਹਾ ਜਾਂਦਾ ਹੈ। ਇਸ ਲਈ ਇਸ ਦੇ ਵਾਸਤੇ ਵਧੇਰੇ ਮਹੱਤਵ-ਪੂਰਨ ਸਵਾਲ ਇਹ ਹੈ ਕਿ ਸਮਕਾਲੀ ਹਾਲਤਾਂ ਵਿਚ ਇਹ ਕੌਮੀ ਪਛਾਣ ਮੁੱਖ ਰੂਪ ਵਿਚ ਕਿੱਥੇ ਨਿਹਿਤ ਹੈ? ਕਿਸ ਅੰਸ਼ ਨਾਲ ਮੁੱਖ ਤੌਰ ਉਤੇ ਜੁੜੀ ਹੋਈ ਹੈ? ਅਤੇ ਇਸ ਅੰਸ਼ ਦਾ ਸਮਕਾਲੀ ਹਾਲਤਾਂ ਵਿਚ ਕੀ ਅਰਥ ਹੈ, ਕੀ ਮਹੱਤਵ ਹੈ?

ਆਪਣੀ ਗੱਲ ਦੀ ਵਿਆਖਿਆ ਲਈ ਪੰਜਾਬੀ ਦੇ ਬਦੇਸ਼ੀ ਬੈਠੇ ਕਹਾਣੀਕਾਰਾਂ ਸਵਰਨ ਚੰਦਨ, ਪ੍ਰੀਤਮ ਸਿੱਧੂ ਆਦਿ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਉਹਨਾਂ ਦੀ ਸਾਰੀ ਰਚਨਾ ਦਾ ਧੁਰਾ ਕੌਮੀ ਪਛਾਣ ਦਾ ਸੰਕਟ ਹੈ। ਇਹ ਸੰਕਟ ਉਸ ਬੇਗਾਨਗੀ ਵਿਚੋਂ ਪੈਦਾ ਹੋ ਰਿਹਾ ਹੈ, ਜਿਹੜੀ ਉਹ ਆਪਣੇ ਅਪਣਾਏ ਹੋਏ ਮਾਹੌਲ ਵਿਚ ਮਹਿਸੂਸ ਕਰ ਰਹੇ ਹਨ। ਇਹ ਬੇਗਾਨਗੀ ਦਾ ਅਹਿਸਾਸ ਸਭਿਆਚਾਰੀਕਰਨ ਜਾਂ Acculturation ਦੇ ਚਲ ਰਹੇ ਅਮਲ ਵਿਚ ਹਾਰੀ ਹੋਈ ਧਿਰ ਦਾ ਅਹਿਸਾਸ ਹੈ, ਜਿਹੜੀ ਆਪਣੀ ਖ਼ਤਮ ਹੋ ਰਹੀ ਹਸਤੀ ਨੂੰ ਪਿੱਛੇ ਰਹਿ ਗਈ ਕੌਮੀ-ਪਛਾਣ ਦਾ ਠੁੰਮਣਾ ਦੇਣਾ ਚਾਹੁੰਦੀ ਹੈ। ਇਸ ਕੌਮੀ ਪਛਾਣ ਨੂੰ ਉਹ ਇਖ਼ਲਾਕੀ ਕਦਰਾਂ ਕੀਮਤਾਂ ਦੇ ਨਾਲ ਜੋੜਦੀ ਹੈ। ਇਹ ਕਦਰਾਂ-ਕੀਮਤਾਂ ਇਸ ਧਿਰ ਨੂੰ ਪੱਛਮ ਦੇ ਉੱਨਤ ਸਨਅੱਤੀ ਸਮਾਜ ਦੀਆਂ ਨਿੱਘਰ ਚੁੱਕੀਆਂ ਕਦਰਾਂ-ਕੀਮਤਾਂ ਦੇ ਮੁਕਾਬਲੇ ਉਤੇ ਉੱਚਤਾ ਦਾ ਅਹਿਸਾਸ ਦੇਦੀਆਂ ਹਨ। ਇਸੇ ਦ੍ਰਿਸ਼ਟੀਕੋਨ ਤੋਂ ਉਹ ਪੱਛਮੀ ਸਦਾਚਾਰ ਉਤੇ ਟਿੱਪਣੀ ਕਰਦੇ ਹਨ, ਜਿਹੜੀ ਕਿ ਨਸਲ-ਮੁਖੀ (Ethnocentric) ਟਿੱਪਣੀ ਹੋ ਨਿਬੜਦੀ ਹੈ।

ਇਹਨਾਂ ਸਾਰੇ ਕਹਾਣੀਕਾਰਾਂ ਦੀ ਸਾਰੀ ਸਥਿਤੀ ਵਿਚ ਕਈ ਦਵੰਦ ਅਤੇ ਵਿਰੋਧ ਦੇਖੇ ਜਾ ਸਕਦੇ ਹਨ। ਪਰ ਸਾਡੇ ਲਈ ਸਭ ਤੋਂ ਉਘੜਵਾਂ ਵਿਰੋਧ ਇਹ ਹੈ ਕਿ ਜਿਨ੍ਹਾਂ ਸਦਾਚਾਰਕ ਕਦਰਾਂ-ਕੀਮਤਾਂ ਨਾਲ ਉਹਨਾਂ ਨੇ ਆਪਣੀ ਕੌਮੀ ਪਛਾਣ ਨੂੰ ਜੋੜ ਲਿਆ ਹੈ, ਉਹ ਕਦਰਾਂ-ਕੀਮਤਾਂ ਉਹਨਾਂ ਦੇ ਕੌਮੀ ਸਮਾਜ ਵਿਚ ਇਸ ਵੇਲੇ ਉਹ ਮਹੱਤਾ ਨਹੀਂ ਰਖਦੀਆਂ ਜਿਹੜੀ ਉਹਨਾਂ ਦੇ ਦਿਮਾਗ਼ ਵਿਚ ਹੈ। ਬਾਵਜੂਦ ਇਸ ਗੱਲ ਦੇ ਕਿ ਇਹ ਲੇਖਕ ਆਪਣੇ ਮਾਹੌਲ ਦੇ ਅਤਿ ਉੱਤੇ ਜੀਵ ਹਨ, ਉਹਨਾਂ ਦਾ ਦ੍ਰਿਸ਼ਟੀਕੋਨ ਉਹਨਾਂ ਹਾਲਤਾਂ ਨੂੰ ਪ੍ਰਤਿਬਿੰਬਤ ਕਰਦਾ ਹੈ, ਜਿਹੜੀਆਂ ਉਹਨਾਂ ਵਲੋਂ ਆਪਣੇ ਸਮਾਜ ਨੂੰ ਛੱਡਣ ਵੇਲੇ ਇਥੇ ਪਾਈਆਂ ਜਾਂਦੀਆਂ ਸਨ - ਭਾਵ, ਅਰਧ-ਜਾਗੀਰੂ, ਅਰਧ-ਸਰਮਾਇਦਾਰਾਂ। ਇਸੇ ਕਰਕੇ ਉਹ ਆਪਣੇ ਪਿੱਛੇ ਛੱਡੇ ਸਮਾਜ ਨਾਲ ਵੀ ਪਛਾਣ ਕਾਇਮ ਨਹੀਂ ਕਰ ਸਕਦੇ, ਜਿਸ ਤੋਂ ਉਹ ਆਪਣੇ ਆਪ ਨੂੰ ਉੱਨਤ ਦਸਦੇ ਹਨ, ਪਰ ਅਸਲ ਵਿਚ ਜਿਸ ਤੋਂ ਉਹ ਪੱਛੜੇ ਹੋਏ ਹਨ। ਚੰਗੀ ਗੱਲ ਇਹ ਹੈ ਕਿ ਉਹਨਾਂ ਦਾ ਇਹ ਪਿਛਲਾ ਭਰਮ ਅਜੇ ਨਹੀਂ ਤਿੜਕਿਆ, ਨਹੀਂ ਤਾਂ ਉਹ ਕੌਮੀ ਪਛਾਣ ਦੇ ਪੱਖ ਦੂਹਰੇ ਸੰਕਟ ਵਿਚ ਗ੍ਰਸੇ ਜਾਣ।

1947 ਦਾ ਸਾਲ ਸਾਡੀ ਕੌਮੀ ਚੇਤਨਾ ਦੇ ਪੱਖੋਂ ਇਕ ਪੂਰਤੀ ਦਾ ਸਾਲ ਸੀ।

152