ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/16

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਤਕ ਜਾਂ ਹੋਰ ਵੀ ਨੇੜੇ ਚਾਸਰ ਦੀਆਂ “ਕੈਂਟਰਬਰੀ ਟੇਲਜ਼" (Canterbury Tales) ਤਕ ਲੈ ਆਉਂਦੇ ਹਨ। ਹਿੰਦੁਸਤਾਨੀ ਸ਼ਾਵਨ ਬਿਰਤੀ ਸਾਨੂੰ ਆਪਣੀਆਂ ਕਹਾਣੀਆਂ ਦਾ ਮੁੱਢ ਵੇਦਿਕ ਯੁਗ ਵਿਚ ਦੇਖਣ ਲਈ ਮਜਬੂਰ ਕਰ ਦੇਂਂਦੀ ਹੈ;ਪੁਰਾਣ, ਪੰਚ-ਤੰਤਰ, ਜਾਤਕ ਕਹਾਣੀਆਂ, ਕਥਾ ਸਰਿਤ ਸਾਗਰ ਆਦਿ ਜਿਸ ਦਾ ਅਗਲਾ ਪਸਾਰ ਹਨ। ਇਸੇ ਪੱਖੋਂ,ਸਾਖੀਆਂ ਤਾਂ ਲਾਜਮੀ ਹੀ ਅੱਜ ਦੀ ਨਿੱਕੀ ਕਹਾਣੀ ਦਾ ਮੁੱਢਲਾ ਰੂਪ ਹੋ ਨਿਬੜਦੀਆਂਂ ਹਨ।

ਪਰ ਅੱਜ ਜਿਸ ਨੂੰ ਅਸੀਂ ਨਿੱਕੀ ਕਹਾਣੀ ਵਜੋਂ ਮਹਿਸੂਸ ਕਰਦੇ ਹਾਂ, ਉਸ ਦਾ ਮੁੱਢ ਪੱਛਮ ਵਿਚ ਪਿਛਲੀ ਸਦੀ ਦੇ ਸ਼ੁਰੂ ਵਿਚ, ਤੇ ਪੰਜਾਬੀ ਵਿਚ ਇਸ ਸਦੀ ਦੇ ਸ਼ੁਰੂ ਵਿਚ ਬੱਝਾ। ਪੰਜਾਬੀ ਵਿਚ ਜੇ ਵਧੇਰੇ ਕਰੜਾਈ ਨਾਲ ਦੇਖੀਏ ਤਾਂ ਇਸ ਦਾ ਮੁੱਢ ਸੁਜਾਨ ਸਿੰਘ ਤੇ ਸੰਤ ਸਿੰਘ ਸੇਖੋਂ ਨਾਲ ਬੱਝਾ, ਜਿਨ੍ਹਾਂ ਨੇ ਇਸ ਦਾ ਕਾਵਿ-ਸ਼ਾਸਤਰ ਉਲੀਕਿਆ ਅਤੇ ਉਸ ਅਨਸਾਰ ਕਹਾਣੀਆਂ ਵੀ ਲਿਖੀਆਂ। ਪਰ ਅਸੀਂ ਉਹਨਾਂ ਤੋਂ ਪਹਿਲਾਂ ਦੇ ਤਿੰਨ ਦਹਾਕਿਆਂ ਵਿਚ ਇਸ ਪਾਸੇ ਵਲ ਚੇਤਨ ਯਤਨ ਹੁੰਦੇ ਦੇਖ ਸਕਦੇ ਹਾਂ, ਜਿਹੜੇ ਅਨੁਵਾਦਾਂ ਦੇ ਰੂਪ ਵਿਚ, ਆਧਾਰਿਤ ਕਹਾਣੀਆਂ ਦੇ ਰੂਪ ਵਿਚ ਅਤੇ ਪੱਛਮੀ ਮਾਡਲਾਂ ਨੂੰ ਮੁਖ ਰਖ ਕੇ ਮੌਲਿਕ ਕਹਾਣੀਆਂ ਲਿਖਣ ਦੇ ਰੂਪ ਵਿਚ ਮਿਲਦੇ ਹਨ। ਇਹ ਕੁਦਰਤੀ ਤੌਰ ਉਤੇ ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਦਾ ਅੰਗ ਹੋਣਗੇ।

ਪੱਛਮੀ ਪ੍ਰਭਾਵ ਹੇਠਾਂ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕੀਤੇ ਕਈ ਸਾਹਿਤ-ਰੂਪਾਂ ਦੇ ਮੋਢੀ ਹੋਣ ਦਾ ਸਿਹਰਾ ਭਾਈ ਵੀਰ ਸਿੰਘ ਹੋਰਾਂ ਦੇ ਸਿਰ ਜਾਂਦਾ ਹੈ। ਪਰ ਨਿੱਕੀ ਕਹਾਣੀ ਦੇ ਸੰਬੰਧ ਵਿਚ ਸ਼ਾਇਦ ਗੱਲ ਉਨ੍ਹਾਂ ਤੋਂ ਨਹੀਂ, ਉਨ੍ਹਾਂ ਤੋਂ ਮਗਰੋਂ ਸ਼ੁਰੂ ਹੋਵੇਗੀ। ਉਨ੍ਹਾਂ ਨੂੰ ਅਸੀਂ ਪੁਰਾਤਨ ਸਾਖੀ-ਰੂਪ ਦਾ ਆਧੁਨਿਕ ਪ੍ਰਤਿਨਿਧ ਭਾਵੇਂ ਮੰਨ ਲਈਏ ਪਰ ਨਿੱਕੀ ਕਹਾਣੀ ਦਾ ਮੋਢੀ ਨਹੀਂ ਮੰਨ ਸਕਦੇ।

ਨਿੱਕੀ ਕਹਾਣੀ ਦੇ ਨਿਕਾਸ ਅਤੇ ਵਿਕਾਸ ਨੂੰ ਸਮਾਜੀ-ਆਰਥਕ ਕਾਰਨਾਂ ਨਾਲ ਜੋੜਨ ਵਾਲੇ ਆਲੋਚਕ ਇਸ ਨੂੰ ਮਸ਼ੀਨੀ ਯੁਗ ਦੀ ਆਮਦ ਨਾਲ, ਅਤੇ ਇਸ ਤੋਂ ਪੈਦਾ ਹੁੰਦੀ ਵਿਹਲ ਦੀ ਘਾਟ ਨਾਲ ਜੋੜਦੇ ਹਨ। ਪਰ ਪੰਜਾਬੀ ਕਹਾਣੀ ਦੇ ਸੰਦਰਭ ਵਿਚ ਇਹ ਦਲੀਲ ਸ਼ਾਇਦ ਹੀ ਹੈ ਕਦੀ ਢੁਕਵੀਂ ਲਗਦੀ ਹੋਵੇ। ਹੁਣ ਵੀ ਨਹੀਂ। ਪੰਜਾਬੀ ਨਿੱਕੀ ਕਹਾਣੀ ਸਾਡੀਆਂ ਆਰਥਕ-ਸਮਾਜਕ ਮਜਬੂਰੀਆਂ ਦਾ ਇਸ ਪੱਖ ਤੋਂ ਸਿੱਟਾ ਨਹੀਂ ਹੈ।

ਨਿੱਕੀ ਕਹਾਣੀ ਸਾਡੇ ਸਮਾਜ ਦੇ ਇਕ ਖ਼ਾਸ ਇਤਿਹਾਸਕ ਦੌਰ ਵਿਚ ਇਕ ਸਭਿਆਚਾਰਕ ਖ਼ਲਾਅ ਨੂੰ ਭਰਨ ਲਈ ਦਾਖ਼ਲ ਹੋਈ। ਇਸ ਖ਼ਲਾਅ ਨੂੰ ਸਾਹਿਤ ਦੇ ਬਹੁਤ ਸਾਰੇ ਨਵੇਂ ਰੂਪਾਂ ਨੇ ਭਰਨ ਦੀ ਕੋਸ਼ਿਸ਼ ਕੀਤੀ ਅਤੇ ਘੱਟ ਜਾਂ ਵੱਧ ਹੱਦ ਤੱਕ ਸਫਲ ਵੀ ਹੋਏ। ਕਹਾਣੀ ਸਭ ਤੋਂ ਵੱਧ ਸਫਲ ਰਹੀ।

ਉਪਰੋਕਤ ਸਭਿਆਚਾਰਕ ਖ਼ਲਾਅ ਨੂੰ ਅਜੇ ਪਰਿਭਾਸ਼ਤ ਕੀਤਾ ਜਾਣਾ ਰਹਿੰਦਾ ਹੈ

10