ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਲਾਸ਼ ਕਥਾ-ਸ਼ਾਸਤਰ ਦੀ -1

(ਪੰਜਾਬੀ ਕਹਾਣੀ ਲੇਖਕਾਂ ਵਲੋਂ)

ਸਾਹਿਤ-ਸ਼ਾਸਤਰ ਨਿਯਮਾਂ ਦਾ ਉਹ ਪੁਲੰਦਾ ਨਹੀਂ, ਜਿਨ੍ਹਾਂ ਅਨੁਸਾਰ ਸਾਹਿਤ ਰਚਿਆ ਜਾਂਦਾ ਹੈ। ਕੋਈ ਸਾਹਿਤ-ਰਚਨਾ ਕਿਵੇਂ ਹੋਂਦ ਵਿਚ ਆਉਂਦੀ ਹੈ? ਜਾਂ ਸਾਹਿਤ ਦੀ ਰਚਨਾ-ਪ੍ਰਕਿਰਿਆ ਦੀ ਪ੍ਰਕਿਰਤੀ ਕੀ ਹੈ? ਇਹ ਵੀ ਬੁਨਿਆਦੀ ਤੌਰ ਉਤੇ ਮਨੋਵਿਗਿਆਨਕ ਖੇਤਰ ਵਿਚ ਵਿਸ਼ੇਸ਼ੱਗਤਾ ਦੀ ਮੰਗ ਕਰਦੀ ਸਮੱਸਿਆ ਹੈ। ਇਹ ਸਮੱਸਿਆ ਆਪਣੇ ਆਪ ਵਿਚ ਇਸ ਤਰ੍ਹਾਂ ਦੀ ਹੈ ਕਿ ਇਸ ਦਾ ਐਸਾ ਕੋਈ ਸਮਾਧਾਨ ਨਹੀਂ ਮਿਲਦਾ ਜਿਸ ਨੂੰ ਤਸੱਲੀਬਖ਼ਸ਼ ਹੋਣ ਦੇ ਨੇੜੇ-ਤੇੜੇ ਦਾ ਕਿਹਾ ਜਾ ਸਕੇ। ਵੱਡੇ ਵੱਡੇ ਕਵੀਆਂ ਦਾ ਵੀ ਕਹਿਣਾ ਇਹੀ ਹੈ ਕਿ "ਮੈਂ ਤੁਹਾਨੂੰ ਕਵਿਤਾ ਲਿਖਣ ਦੇ ਕੋਈ ਨਿਯਮ ਨਹੀਂ ਦੱਸ ਸਕਦਾ, ਕਿਉਂਕਿ ਇਸ ਤਰਾਂ ਦੇ ਨਿਯਮ ਕੋਈ ਹਨ ਹੀ ਨਹੀਂ।" (ਮਾਯਾਕੋਵਸਕੀ)। ਇਹੀ ਗੱਲ ਸਮੁੱਚੇ ਤੌਰ ਉਤੇ ਸਾਹਿਤ ਦੇ ਕਿਸੇ ਵੀ ਰੂਪ ਉਤੇ ਲਾਗੂ ਹੁੰਦੀ ਹੈ।

ਸਾਹਿਤ ਦੇ ਕਿਸੇ ਵੀ ਰੂਪ ਬਾਰੇ ਸ਼ਾਸਤਰ ਦੀ ਤਲਾਸ਼ ਉਸ ਦੀ ਰਚਨਾ-ਪ੍ਰਕਿਰਿਆ ਦੀ ਦ੍ਰਿਸ਼ਟੀ ਤੋਂ ਨਹੀਂ ਕੀਤੀ ਜਾ ਸਕਦੀ। ਫਿਰ ਵੀ ਜੇ ਅਸੀਂ ਆਪਣੀ ਤਲਾਸ਼ ਪੰਜਾਬੀ ਕਹਾਣੀ-ਲੇਖਕਾਂ ਦੇ ਕੰਨਾਂ ਦੀ ਪੁਣ-ਛਾਣ ਤੋਂ ਸ਼ੁਰੂ ਕਰਨ ਲੱਗੇ ਹਾਂ ਤਾਂ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਅਸੀਂ ਆਪਣੇ ਹੀ ਮਿਥਣ ਦੇ ਉਲਟ ਜਾ ਰਹੇ ਹਾਂ। ਪੰਜਾਬੀ ਕਹਾਣੀਕਾਰਾਂ ਵਿਚੋਂ ਕਿਸੇ ਨੇ ਵੀ ਆਪਣੀ ਰਚਨਾ-ਪ੍ਰਕਿਰਿਆ ਦੇ ਨੁਕਤੇ ਤੋਂ ਕਹਾਣੀ ਦੀ ਵਿਧੀ ਬਾਰੇ ਗੱਲ ਨਹੀਂ ਕੀਤੀ। ਆਪੋ ਆਪਣੀ ਰਚਨਾ-ਪ੍ਰਕਿਰਿਆ ਉਤੇ ਕਈਆਂ ਨੇ ਚਾਨਣ ਪਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ, ਪਰ ਉਸ ਤੋਂ ਕਹਾਣੀ ਦੀ ਵਿਧੀ ਬਾਰੇ ਨਿਰਣੇ ਨਹੀਂ ਕੱਢੇ।

ਕਿਸੇ ਵੀ ਵਿਧਾ ਦੇ ਸ਼ਾਸਤਰ ਦੀ ਤਲਾਸ਼ ਇਹ ਮਿਥ ਕੇ ਚਲਦੀ ਹੈ ਕਿ ਉਸ ਖੇਤਰ ਵਿਚ ਕਾਫ਼ੀ, ਰਚਨਾ ਹੋ ਚੁੱਕੀ ਹੈ ਅਤੇ ਅਜੇ ਵੀ ਨਿਰੰਤਰ ਤੌਰ ਉਤੇ ਜਾਰੀ ਹੈ। ਵਿਧਾ ਦਾ ਸ਼ਾਸਤਰ ਇਸ ਦੇ ਵੱਖਰੇਪਣ ਦੀ ਚੇਤਨਤਾ ਵਿਚੋਂ ਉਪਜਦਾ ਹੈ, ਉਸ ਵਿਧਾ ਦੇ ਨਿਸ਼ਚਤਕਾਰੀ ਅੰਸ਼ ਲੱਭਣ ਦੀ ਕੋਸ਼ਿਸ਼ ਕਰਦਾ ਹੈ; ਇਹ ਦੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਹਿਤ ਦੇ ਕਿਹੜੇ ਕਿਹੜੇ ਅੰਸ਼ ਉਸ ਵਿਚ ਕਿਵੇਂ ਮਿਲੇ ਹੁੰਦੇ ਹਨ ਅਤੇ ਕੀ ਕੀ

17