ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਹੜਾ ਹੈ ਜਿਸ ਦੇ ਹਵਾਲੇ ਨਾਲ ਕਹਾਣੀ ਨੂੰ ਅਤੇ ਇਸ ਦੇ ਨਿੱਕੇਪਣ ਨੂੰ ਨਿਸਚਿਤਤਾ ਮਿਲਦੀ ਹੈ? ਇਥੇ ਮੈਂ ਨਿੱਕੀ ਕਹਾਣੀ ਪੜ੍ਹਨ ਤੋਂ ਪੈਦਾ ਹੁੰਦੇ ਇਕ ਵਿਸ਼ੇਸ਼ ਜਿਹੇ ਅਹਿਸਾਸ ਨੂੰ ਇਹ ਨਿਸ਼ਚਿਤਕਾਰੀ ਅੰਸ਼ ਮੰਨ ਲਿਆ ਸੀ, ਜਿਸ ਤੋਂ ਮੇਰਾ ਭਾਵ ਸਿਰਫ਼ ਇਹ ਸੀ। ਕਿ ਅਜੇ ਤੱਕ ਇਸ ਅਹਿਸਾਸ ਨੂੰ ਜਾਂ ਇਸ ਮੁਲ ਗੁਣ ਨੂੰ ਨਿਸ਼ਚਿਤ ਤਰ੍ਹਾਂ ਨਾਲ ਪਛਾਣਿਆਂ ਨਹੀਂ ਗਿਆ, ਜਿਸ ਕਰਕੇ ਵੱਧ ਤੋਂ ਵੱਧ ਕਹਾਣੀਆਂ ਪੜ ਕੇ ਇਹਨਾਂ ਤੋਂ ਪੈਂਦੇ ਪ੍ਰਭਾਵ ਦੇ ਸਾਮਾਨੀਕਰਨ ਅਤੇ ਦੂਜੇ ਸਾਹਿਤ-ਰੂਪਾਂ ਦੇ ਪੌਦੇ ਪ੍ਰਭਾਵ ਤੋਂ ਨਿਖੇੜ ਦੇ ਆਧਾਰ ਉਤੇ ਅਸੀਂ ਨਿੱਕੀ ਕਹਾਣੀ ਨੂੰ ਵੱਖਰੇ ਰੂਪ ਵਜੋਂ ਪਛਾਣ ਸਕਦੇ ਹਾਂ।

ਹਕੀਕਤ ਇਹ ਹੈ ਕਿ ਅਜੇ ਤੱਕ ਵੀ ਨਿੱਕੀ ਕਹਾਣੀ ਦਾ ਸ਼ਾਸਤਰ ਇਸ ਤੋਂ ਅੱਗੇ ਨਹੀਂ ਵਧਿਆ, ਇਹ ਦੁਨੀਆਂ ਭਰ ਦੇ ਸਾਹਿਤ-ਸ਼ਾਸਤਰੀ ਅਤੇ ਆਲੋਚਕ ਮੰਨਦੇ ਹਨ। ਅਜੇ ਤੱਕ ਵੀ ਉਹ ਇਸ ਦੀ ਖੋਜ ਕਰਨ ਅਤੇ ਇਸ ਨੂੰ ਸੂਤ੍ਰਿਤ ਕਰਨ ਦੇ ਯਤਨਾਂ ਵਿੱਚ ਹਨ। ਇਹਨਾਂ ਯਤਨਾਂ ਨੂੰ ਕਿਥੋਂ ਤੱਕ ਸਫਲਤਾ ਮਿਲੀ ਹੈ, ਇਹ ਅਸੀਂ ਅੱਗੇ ਚੱਲ ਕੇ ਵੇਖਾਂਗੇ।

ਸਰੋਤਿਆਂ ਨੂੰ ਅਤੇ ਮਗਰੋਂ ਪਾਠਕਾਂ/ਆਲੋਚਕਾਂ ਨੂੰ ਦੂਜਾ ਵੱਡਾ ਕਿੰਤੂ ਇਸ ਕਥਨ ਉਤੇ ਸੀ ਕਿ ਨਿੱਕੀ ਕਹਾਣੀ ਦਾ ਮੁੱਢ 'ਜੇ ਵਧੇਰੇ ਕਰੜਾਈ ਨਾਲ ਦੇਖੀਏ ਤਾਂ... ਸੁਜਾਨ ਸਿੰਘ ਤੇ ਸੇਖੋਂ ਨਾਲ ਬੱਝਾ, ਜਿਨ੍ਹਾਂ ਨੇ ਇਸ ਦਾ ਕਾਵਿ-ਸ਼ਾਸਤਰ ਉਲੀਕਿਆ ਅਤੇ ਉਸ ਅਨੁਸਾਰ ਕਹਾਣੀਆਂ ਵੀ ਲਿਖੀਆਂ।' ਸਵਾਲ ਇਹ ਹੈ ਕਿ ਵਿਧਾ ਪਹਿਲਾਂ ਆਉਂਦੀ ਹੈ ਕਿ ਉਸ ਦਾ ਸ਼ਾਸਤਰ? ਇਸ ਦੇ ਜਵਾਬ ਦੇ ਨਹੀਂ ਹੋ ਸਕਦੇ - ਵਿਧਾ ਪਹਿਲਾਂ ਆਉਂਦੀ ਹੈ, ਉਸ ਦਾ ਸ਼ਾਸਤਰ ਮਗਰੋਂ। ਪਰ ਪੰਜਾਬੀ ਨਿੱਕੀ ਕਹਾਣੀ ਦੀ ਵਿਸ਼ੇਸ਼ ਸਥਿਤੀ ਵਿੱਚ ਉਪਰੋਕਤ ਕਥਨ ਵੀ ਗ਼ਲਤ ਨਹੀਂ। ਸਾਡੀ ਨਿੱਕੀ ਕਹਾਣੀ ਪੁਰਾਣੀ ਕਿਸੇ ਤਰ੍ਹਾਂ ਦੀ ਵੀ ਕਹਾਣੀ ਦਾ ਸਹਿਜ-ਵਿਕਾਸ ਨਹੀਂ। ਇਹ ਸਿੱਧ ਪੱਛਮ ਦੇ ਪ੍ਰਭਾਵ ਹੇਠ ਰਚੀ ਜਾਣੀ ਸ਼ੁਰੂ ਹੋਈ, ਜਿੱਥੇ ਇਸ ਦੇ ਪਿੱਛੇ ਡੇਢ ਸੌ ਸਾਲ ਦਾ ਇਤਿਹਾਸ ਮੌਜੂਦ ਸੀ। ਸਾਡੇ, ਲਗਭਗ ਸਾਰੇ ਪਹਿਲੇ ਕਹਾਣੀਕਾਰ ਇਹ ਮੰਨਦੇ ਹਨ ਕਿ ਉਹਨਾਂ ਨੂੰ ਮੂਲ ਨਾ ਪੱਛਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਪੜਨ ਤੋਂ ਮਿਲੀ। ਉਹਨਾਂ ਵਲੋਂ ਸਿਰਜਿਆ ਗਿਆ। ਕਥਾ-ਸ਼ਾਸਤਰ ਵੀ ਪੰਜਾਬੀ ਕਹਾਣੀ ਦੇ ਨਿਯਮ ਲੱਭਣ ਵਿਚੋਂ ਨਹੀਂ ਨਿਕਲਿਆ ਸਗੋਂ ਪੱਛਮ ਵਿਚ ਨਿੱਕੀ ਕਹਾਣੀ ਬਾਰੇ ਜੋ ਕੁਝ ਕਿਹਾ ਗਿਆ ਹੈ, ਉਸ ਵਿਚੋਂ ਹੀ ਨਿਕਲਿਆ ਹੈ। ਇਸ ਨੂੰ ਸੇਧ ਬੇਸ਼ਕ ਨਿੱਜੀ ਹਾਲਤਾਂ, ਤਰਜੀਹਾਂ, ਸਨਕਾਂ ਤੋਂ ਮਿਲਦੀ ਹੈ, ਜਿਸ ਵਿਚ ਇਹ ਅੰਸ਼ ਬਹੁਤੇ ਭਾਰ ਹੈ ਕਿ ਜੋ ਕੁਝ ਉਹ ਲਿਖ ਰਹੇ ਹਨ, ਉਸ ਨੂੰ ਜਿਆਂ ਦੇ ਮੁਕਾਬਲੇ ਉਤੇ ਠੀਕ ਸਿੱਧ ਕਰਨਾ ਹੈ।

ਸਾਡੇ ਆਲੋਚਕਾਂ ਅਤੇ ਸਾਹਿਤ-ਸ਼ਾਸਤਰੀਆਂ ਨੇ ਉਸ ਭਰਪੂਰ ਅਤੇ ਦਿਲਚਸਪ ਸੰਬਾਦ ਨੂੰ ਅੱਖੋਂ ਓਹਲੇ ਕਰ ਛੱਡਿਆ ਹੋਇਆ ਹੈ, ਜਿਹੜਾ ਸਾਡੇ ਕਹਾਣੀਕਾਰਾਂ ਦੀਆਂ ਪੁਸਤਕਾਂ ਦੇ ਮੁਖਬੰਧਾਂ ਜਾਂ ਹੋਰ ਕਥਨਾਂ ਵਿਚੋਂ ਉਭਰਦਾ ਹੈ। ਇਹਨਾਂ ਮੁੱਖਬੰਧਾਂ ਵਿਚ ਬਹੁਤ ਘੱਟ ਕਿਤੇ ਉਹ ਇਕ ਦੂਜੇ ਦਾ ਨਾਂ ਲੈ ਕੇ ਕੋਈ ਗੱਲ ਕਰਦੇ ਹਨ, ਪਰ ਤਾਂ ਵੀ ਇਹ ਗੱਲ 19

19