ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਸੰਭਾਵਨਾਵਾਂ ਵੀ ਨਹੀਂ ਪੂਰੀਆਂ ਕੀਤੀਆਂ ਹੁੰਦੀਆਂ ਤੇ ਜੋ ਚੀਜ਼ ਕਿਸੇ ਕਲਾਕਾਰ ਦੇ ਹੱਥ ਵਿਚ ਨਾਵਲ ਬਣ ਜਾਂਦੀ, ਇਕ ਕੱਚ ਪੱਕੀ ਜਿਹੀ ਖਿਚੜੀ ਬਣ ਕੇ ਰਹਿ ਜਾਂਦੀ ਹੈ।

ਇਹ ਕਥਨ ਸੁਜਾਨ ਸਿੰਘ ਦੇ ਕਾਰਜ-ਪਰਧਾਨ ਸਿਧਾਂਤ ਉਪਰ ਟਿੱਪਣੀ ਤਾਂ ਹੈ ਹੀ, ਪਰ ਇਹ ਟਿੱਪਣੀ ਕਰਦਿਆਂ ਸੇੋਖੋਂ ਦੀਆਂ ਨਜ਼ਰਾਂ ਵਿੱਚ ਸੁਜਾਨ ਸਿੰਘ ਦੀਆਂ ਜਾਂ ਕਿਸੇ ਹੋਰਸ ਦੀਆਂ ਕਈ ਕਹਾਣੀਆਂ ਹਨ ਜਾਂ ਨਹੀਂ, ਇਸ ਬਾਰੇ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ। ਪਰ ਉਪ੍ਰੋਕਤ ਕਥਨ ਵਿਚ ਇਕ ਗੱਲ ਜ਼ਰੂਰ ਕਹੀ ਗਈ ਹੈ ਜਿਹੜੀ ਕਹਾਣੀ ਦੀ ਪ੍ਰਕਿਰਤੀ ਦੀ ਵਿਆਖਿਆ ਕਰਨ ਵਿੱਚ ਅਗਲਾ ਕਦਮ ਕਹੀ ਜਾ ਸਕਦੀ ਹੈ, ਅਤੇ ਉਹ ਹੈ ਕਿਸੇ ਘਟਨਾ ਦੀਆਂ ਸੰਭਾਵਨਾਵਾਂ ਨੂੰ ਪੂਰਿਆਂ ਕਰਨ ਦੀ ਗੱਲ। ਸੋ ਸੇਖੋਂ ਅਨੁਸਾਰ ਨਿੱਕੀ ਕਹਾਣੀ ਵਿਚ ਘਟਨਾ ਇਕ ਹੋਣੀ ਚਾਹੀਦੀ ਹੈ, ਪਰ ਕਹਾਣੀ ਵਿਚ ਉਸ ਘਟਨਾ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਕਥਾ-ਸ਼ਾਸਤਰ ਦੀ ਗੱਲ ਲੇਖਕ ਦੀ ਰਚਨਾ-ਪ੍ਰਕਿਰਿਆ ਨਾਲ ਨਹੀਂ ਸਗੋਂ ਉਸ ਦੀ, ਰਚਨਾ-ਸਮਰੱਥਾ ਨਾਲ ਅਤੇ ਯਥਾਰਥ ਉਪਰ ਉਸ ਦੇ ਕਾਬੂ ਨਾਲ ਜੁੜ ਜਾਂਦੀ ਹੈ। ਇਹ ਨਿੱਕੀ ਕਹਾਣੀ ਦੇ ਆਕਾਰ (ਇਸ ਦੇ ਨਿੱਕੇਪਣ ਅਤੇ ਵਸਤੂ ਨੂੰ ਪਰਿਭਾਸ਼ਤ ਕਰਨ ਵੱਲ ਪਹਿਲਾ ਕਦਮ ਹੈ। ਪਰ ਸੇਖੋਂ ਨੇ ਇਥੇ ਇਸ ਦੀ ਵਿਆਖਿਆ ਨਹੀਂ ਕੀਤੀ।

ਸੇਖੋਂ ਨੇ ਕਥਾ-ਸ਼ਾਸਤਰ ਬਾਰੇ ਵਿਸਤ੍ਰਿਤ ਗੱਲ ਆਪਣੇ ਪਹਿਲੇ ਕਹਾਣੀ ਸੰਗ੍ਰਹਿ ਸਮਾਚਾਰ (1943) ਦੇ ਅਖ਼ੀਰ ਉਤੇ 'ਛੋਟੀ ਕਹਾਣੀ 'ਤੇ ਇਕ ਨੋਟ' ਵਿੱਚ ਅਤੇ ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਦੇ ਸੰਗ੍ਰਹਿ ਝੂਠੀਆਂ ਸੱਚੀਆਂ ( 1956) ਦੇ ਮੁਖਬੰਧ ਵਿੱਚ ਕੀਤੀ ਹੈ।

ਸਮਾਚਾਰ ਵਿੱਚ ਸੰਤ ਸਿੰਘ ਸੇਖੋਂ ਛੋਟੀ ਕਹਾਣੀ ਦੀ ਪਰਿਭਾਸ਼ਾ ਇਹਨਾਂ ਸ਼ਬਦਾਂ ਵਿੱਚ ਕਰਦਾ ਹੈ: '...ਆਧੁਨਿਕ ਛੋਟੀ ਕਹਾਣੀ ਆਪਣੇ ਸ਼ੁੱਧ ਰੂਪ ਵਿੱਚ ਯੂਨਾਨੀ ਨਾਟਕੇ ਵਾਂਗ ਇਕ ਇਕਾਗਰ ਜਿਹੀ ਵਸਤ ਹੈ, ਜਿਸ ਵਿੱਚ ਸਥਾਨ, ਸਮੇਂ ਤੇ ਕਾਰਜ ਦੀਆਂ ਏਕਤਾ ਨੂੰ ਮੁੱਖ ਰੱਖਦੇ ਹੋਏ ਕਿਸੇ ਅਰਥ ਭਰਪੂਰ, ਭਾਵਮਈ ਅਥਵਾ ਸਾਪਰਦੱਖ ਘਟਨਾ ਦਾ ਸੰਖੇਪ ਵਰਨਣ ਗੱਦ ਰੂਪ ਵਿੱਚ ਹੁੰਦਾ ਹੈ। ਇਸੇ ਪਰਿਭਾਸ਼ਾ ਅਨੁਸਾਰ ਨਿੱਕੀ ਕਹਾਣੀ ਦੇ ਲਾਜ਼ਮੀ ਤੱਤ ਇਹ ਬਣ ਜਾਂਦੇ ਹਨ:

(ਉ) ਅਰਥ ਭਰਪੂਰ ਅਤੇ ਭਾਵਮਈ ਘਟਨਾ

(ਅ) ਸੰਖੇਪ ਵਰਣਨ

(ਇ) ਨਾਟਕੀ ਇਕਾਗਰਤਾ

ਹੁਣ ਤੱਕ ਸੇਖੋਂ ਨਾਟਕੀਅਤਾ ਨੂੰ ਕਹਾਣੀ ਦਾ ਪਰਿਭਾਸ਼ਕ ਗੁਣ ਸਮਝਦਾ ਹੈ, ਇਥੇ ਤੱਕ ਕਿ ਸਾਖੀ ਨੂੰ ਛੋਟੀ ਕਹਾਣੀ ਬਣਨ ਤੋਂ ਰੋਕਣ ਵਾਲੀ ਚੀਜ਼ ਇਸੇ ਨਾਟਕੀ ਅੰਸ਼ ਦਾ ਅਣਹੋਂਦ ਹੈ। ਸਾਖੀਆਂ ਦਾ ਮਨੋਰਥ 'ਇਹਨਾਂ ਵਿਚਲੀ ਘਟਨਾ ਦੀ ਨਾਟਕੀ ਸੂਝ ਕਰਵਾਣਾ 26 '

26