ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਗਟਾਵਾ ਵੀ ਲੁਕਾਵੇ ਤੋਂ ਰਹਿਤ ਨਹੀਂ ਹੁੰਦਾ। 'ਛੋਟੀ ਕਵਿਤਾ, ਛੋਟੀ ਕਹਾਣੀ ਜਾਂ ਇਕਾਂਗੀ ਵਿਚ ਰਮਜ਼ ਜਾਂ ਇਸ਼ਾਰਾ ਵਧੇਰੇ ਪਦਵੀ ਰੱਖਦਾ ਹੈ। ਸੋ ਜੇ ਅਸੀਂ ਇਹ ਕਹਿ ਦੇਈਏ ਕਿ ਛੋਟੀ ਕਹਾਣੀ ਦਾ ਵਸਤੁ ਬੁਧੀ ਦੀ ਇਕ ਰਮਜ਼, ਇਕ ਇਸ਼ਾਰਾ ਹੁੰਦਾ ਹੈ, ਤਾਂ ਅਯੋਗ ਨਹੀਂ। ਅਤੇ ਜਿਸ ਕਹਾਣੀ ਵਿਚ ਬਹੁਤਾ ਉਪਰੋਕਤ ਭਾਂਤ ਦੇ ਲੁਕਾਵੇ ਤੋਂ ਕੰਮ ਨਹੀਂ ਲਿਆ ਗਿਆ ਹੁੰਦਾ, ਜਿਸ ਵਿਚ ਪਰਖ ਸੰਕੇਤ ਜਾਂ ਰਮਜ਼ ਘੱਟ ਹੁੰਦੀ ਹੈ ਅਤੇ ਸਿੱਧਾ ਵਿਰਤਾਂਤ ਵਧੇਰੇ, ਅਜੇਹੀ ਕਹਾਣੀ ਨੂੰ ਆਮ ਕਰਕੇ ਘਟਨਾ-ਪਰਧਾਨ ਕਹਾਣੀ ਆਖਿਆ ਜਾਂਦਾ ਹੈ, ਜੋ ਕਿ ਸੇਖੋਂ ਅਨੁਸਾਰ ਨਿੱਕੀ ਕਹਾਣੀ ਦੀ ਕੋਈ ਉਤਮ ਵੰਨਗੀ ਨਹੀਂ ਕਹੀ ਜਾਂ ਸਕਦੀ। ਅਤੇ ਇਸ ਦੇ ਉਤਮ ਨਾ ਹੋਣ ਦੇ ਬਹੁਤ ਸਾਰੇ ਕਾਰਨ ਸੇਖੋਂ ਨੇ ਗਿਣਵਾਏ ਹਨ।

ਇਥੇ ਹੀ ਗੁਰਮੁਖ ਸਿੰਘ ਮੁਸਾਫ਼ਰ ਦੀ ਕਹਾਣੀ 'ਆਹਲਣੇ ਦੇ ਬੋਟ' ਦੀ ਗੱਲ ਕਰਦਿਆਂ ਸੰਖੋਂ ਨੇ ਇਕ ਟਿਪਣੀ ਕੀਤੀ ਹੈ ਜਿਹੜੀ ਨਿੱਕੀ ਨਿਕੀ ਵਾਸ਼ਨਾ ਵਿਚ ਪੇਸ਼ ਕੀਤੇ ਗਏ ਉਸ ਦੇ ਸੂਤਰ ਦੀ ਵਿਆਖਿਆ ਕਰਦੀ ਹੈ ਕਿ ਕਹਾਣੀ ਵਿਚ ਕਿਸੇ ਘਟਨਾ ਦੀਆਂ ਪੂਰੀਆਂ ਸੰਭਾਵਨਾਵਾਂ ਉਜਾਗਰ ਹੋਣੀਆਂ ਚਾਹੀਦੀਆਂ ਹਨ। ਉਸ ਅਨੁਸਾਰ ਮੁਸਾਫ਼ਰ ਦੀ ਇਹ ਕਹਾਣੀ ਕੁਝ ਅਤਿ ਪਰਭਾਵਕ ਘਟਨਾਵਾਂ ਦਾ ਅਤਿ ਸਾਧਾਰਣ ਵਿਰਤਾਂਤ ਹੈ। ਅਸਾਨੂੰ ਰੋਸ ਇਹ ਨਹੀਂ ਕਿ ਉਸ ਦਾ ਪਕਾਇਆ ਹੋਇਆ ਇਹ ਪਦਾਰਥ, ਹਲਵਾ ਕਹਿ ਲਵੋ, ਸੁਆਦੀ ਨਹੀਂ। ਸੁਆਦੀ ਇਹ ਬਹੁਤ ਹੈ। ਅਸਾਨੂੰ ਸ਼ਿਕਾਇਤ ਇਹ ਹੈ ਕਿ ਇਤਨੀ ਵਡਮੁੱਲੀ ਸਾਮਗੱਰੀ ਦਾ ਮੁਸਾਫ਼ਰ ਨੇ ਇਤਨਾ ਸਾਧਾਰਨ ਜਿਹਾ ਹਲਵਾ ਹੀ ਬਣਾਇਆ ਹੈ। ਇਕ ਬੱਚੇ ਦੀ ਮੌਤ, ਇਕ ਨੌਜਵਾਨ ਬੱਚੀ ਦੀ ਮੌਤ ਤੋਂ ਪਹਿਲਾਂ ਦੀ ਬੀਮਾਰੀ, ਜੇਲ ਦੀ ਬੰਦੀ ਤੇ ਹੋਰ ਸੰਬੰਧਤ ਘਟਨਾਵਾਂ ਇਤਨੀਆਂ ਮਹਾਨ ਤੇ ਕਰੁਣਾਮਈ ਹਨ ਕਿ ਇਹਨਾਂ ਸਭਨਾਂ ਨੂੰ ਇਕ ਸਾਧਾਰਣ ਕਹਾਣੀ ਵਿਚ ਲਿਆ ਬੰਦ ਕਰਨਾ ਇਹਨਾਂ ਦਾ ਠੀਕ ਮੁੱਲ ਨਾ ਪਾਉਣਾ ਹੈ।...... ਅਜੋਕਾ ਕਹਾਣੀਕਾਰ ਜੀਵਨ ਦੀ ਸਾਮਗੱਰੀ ਨੂੰ ਇਤਨੀ ਬੇਪਰਵਾਹੀ ਨਾਲ ਨਹੀਂ ਵਰਤਦਾ।

ਇਥੋਂ ਤੱਕ ਪਹੁੰਚਦਿਆਂ ਕਥਾ-ਸ਼ਾਸਤਰ ਵਿੱਚ ਨਿਸ਼ਚਿਤਤਾ ਵਧੀ ਜਾਂ ਨਹੀਂ, ਪਰ ਮੁੱਖ ਸਮੱਸਿਆਵਾਂ ਜ਼ਰੂਰ ਨਿੱਖਰ ਕੇ ਸਾਹਮਣੇ ਆ ਗਈਆਂ ਹਨ।

ਸੇਖੋਂ ਦੇ ਸਮਾਚਾਰ ਅਤੇ ਝੂਠੀਆਂ ਸੱਚੀਆਂ ਵਿਚਕਾਰ ਦੋ ਕਹਾਣੀਕਾਰ ਹਨ, ਜਿਨ੍ਹਾਂ ਨੇ ਇਸ ਸੰਬਾਦ ਵਿੱਚ ਭਰਪੂਰ ਹਿੱਸਾ ਪਾਇਆ, ਅਤੇ ਉਹ ਹਨੇ ਕਰਤਾਰ ਸਿੰਘ ਦੁੱਗਲ ਅਤੇ ਡਾ, ਮੋਹਣ ਸਿੰਘ ਓਬ੍ਹਰਾ ਦੀਵਾਨਾ, ਐਮ.ਏ., ਪੀ.ਐਚ.ਡੀ., ਡੀ. ਲਿਟ,।

ਕਹਾਣੀ ਦੀ ਵਿਧਾ ਬਾਰੇ ਆਧੁਨਿਕ ਨਿੱਕੀ ਕਹਾਣੀ ਦੇ ਮੌਢੀ ਤੰਨ ਲੇਖਕਾਂ ਵਿਚਕਾਰ ਚੱਲੀ ਬਹਿਸ ਦੇ ਕਈ ਦਿਲਚਸਪ ਪਹਿਲੂ ਹਨ। ਇਸ ਸਾਰੀ ਬਹਿਸ ਦਾ ਆਰੰਭਕ ਬਿੰਦ ਦੁੱਗਲ ਹੈ - ਜਾਂ, ਜੇ ਵਧੇਰੇ ਠੀਕ ਕਿਹਾ ਜਾਏ ਤਾਂ ਉਸ ਦੀ ਇਕ ਕਹਾਣੀ "ਸਵੇਰ ਸਾਰ" ਹੈ। ਸੁਜਾਨ ਸਿੰਘ ਇਸ ਕਹਾਣੀ ਨੂੰ ਹੋਂਦ ਦਾ ਹੱਕ ਨਹੀਂ ਦੇਣਾ ਚਾਹੁੰਦਾ,

30