ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਲਾਸ਼ ਕਥਾ-ਸ਼ਾਸ਼ਤਰ ਦੀ - 2

(ਪੰਜਾਬੀ ਸਾਹਿਤਾਲੋਚਕਾਂ ਵਲੋਂ)

ਅਸੀਂ ਪਿੱਛੇ ਦੇਖ ਆਏ ਹਾਂ ਕਿ ਪੰਜਾਬ ਵਿਚ ਨਿੱਕੀ ਕਹਾਣੀ ਦੇ ਸ਼ਾਸਤਰ ਦੀ ਨੀਂਹ ਵੀ ਉਹਨਾਂ ਹੀ ਵਿਅਕਤੀਆਂ ਵਲੋਂ ਰੱਖੀ ਗਈ ਜਿਹੜੇ ਅੱਜ ਦੀ ਹੁਨਰੀ ਨਿੱਕੀ ਕਹਾਣੀ ਦੇ ਵੀ ਮੋਢੀ ਸਨ। ਇਹ ਉਹਨਾਂ ਵਲੋਂ ਨਿੱਕੀ ਕਹਾਣੀ ਦੇ ਰੂਪ ਅਤੇ ਰੂਪਾਕਾਰ ਨੂੰ ਸਮਝਣ ਸਮਝਾਉਣ ਅਤੇ ਵਿਆਖਿਆਉਣ ਦਾ ਯਤਨ ਸੀ। ਇਸ ਸਾਰੇ ਯਤਨ ਦੇ ਦੌਰਾਨ ਨਿਰਸੰਦੇਹ, ਉਹਨਾਂ ਦੀ ਆਪਣੀ ਅਤੇ ਆਪਣੇ ਸਮਕਾਲੀਆਂ ਦੀ ਰਚਨਾ ਉਹਨਾਂ ਦੇ ਸਾਹਮਣੇ ਹੁੰਦੀ ਸੀ, ਅਤੇ ਭਾਵੇਂ ਉਹ ਇਸ ਸਾਰੀ ਰਚਨਾ ਦੇ ਆਧਾਰ ਉਤੇ ਨਿੱਕੀ ਕਹਾਣੀ ਦੀ ਵਿਧੀ ਬਾਰੇ ਸਾਮਾਨਯ ਸੂਤਰ ਕਇਮ ਕਰਨ ਦੀ ਅਤੇ ਇਹਨਾਂ ਸੂਤਰਾਂ ਦੇ ਆਧਾਰ ਉਤੇ, ਪ੍ਰਧਾਨ ਰੂਪ ਵਿਚ, ਆਪਣੀ ਰਚਨਾ ਨੂੰ ਠੀਕ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਸਨ, ਤਾਂ ਵੀ ਇਸ ਸਾਰੇ ਵਿਆਖਿਆਨ ਅਤੇ ਸੰਬਾਦ ਦੇ ਦੌਰਾਨ ਉਹਨਾਂ ਦੀ ਨਿਗਾਹ ਆਪਣੇ ਨਿਸ਼ਾਨੇ ਉਤੇ ਟਿਕੀ ਰਹਿੰਦੀ ਸੀ। ਇਸੇ ਲਈ ਉਹਨਾਂ ਦੇ ਕਥਨਾਂ ਵਿਚ ਵਾਧੂ ਖਿਲਾਰਾ ਨਹੀਂ, ਅਤੇ ਨਾ ਹੀ ਕਲਪਣਾ-ਆਧਾਰਤ ਅਲੰਕ੍ਰਿਤ ਭਾਸ਼ਾ ਵਰਤ ਕੇ ਆਪਣੇ ਕਥਨਾਂ ਵਿਚ ਰੌਚਕਤਾ ਭਰਨ ਦਾ ਰੁਝਾਨ ਹੈ। ਪਰ ਉਹਨਾਂ ਦੀ ਮਜਬੂਰੀ ਇਹ ਹੈ ਕਿ ਪੰਜਾਬੀ ਵਿਚ ਆਲੋਚਨਾ ਦੀ ਭਾਸ਼ਾ ਨੇ ਅਜੇ ਏਨਾ ਵਿਕਾਸ ਨਹੀਂ ਸੀ ਕੀਤਾ ਕਿ ਉਹ ਸੰਕਲਪਾਤਮਕ ਸ਼ਬਦਾਵਲੀ ਵਰਤ ਕੇ ਆਪਣੇ ਵਿਚਾਰਾਂ ਨੂੰ ਸੰਖੇਪ ਅਤੇ ਨਿਸਚਤੇ ਢੰਗ ਨਾਲ ਪੇਸ਼ ਕਰ ਸੱਕਣ, ਜਿਸ ਕਰਕੇ ਉਹਨਾਂ ਨੂੰ ਆਪਣੇ ਸੰਕਲਪ ਵਰਣਨ ਰਾਹੀਂ ਸਪੱਸ਼ਟ ਕਰਨੇ ਪੈਂਦੇ ਹਨ।

ਇਹ ਪਿਛਲੀ ਮਜਬੂਰੀ ਨਿੱਕੀ ਕਹਾਣੀ ਦੀ ਵਿਧਾ ਬਾਰੇ ਲਿਖਣ ਵਾਲੇ ਪਹਿਲੇ ਪੰਜਾਬੀ ਆਲੋਚਕਾਂ ਅਤੇ ਸਾਹਿਤ-ਸ਼ਾਸਤਰੀਆਂ ਦੀ ਵੀ ਹੈ। ਨਿਸ਼ਚਤ ਸੰਕਲਪਾਤਮਕ ਸ਼ਬਦਾਵਲੀ ਦੀ ਅਣਹੋਂਦ ਵਿਚ, ਉਹ ਵਰਨਣ ਅਤੇ ਵਿਸਥਾਰ ਤੋਂ ਕੰਮ ਲੈਂਦੇ ਹਨ। ਆਪ ਉਹ ਕਹਾਣੀ-ਲੇਖਕ ਨਹੀਂ, ਇਸ ਲਈ ਉਹ ਗਿਆਨ ਦਾ ਵਿਖਾਵਾ ਕਰ ਕੇ ਪ੍ਰਮਾਣਿਕਤਾ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ। ਦਲੀਲ ਦੀ ਥਾਂ ਕਾਵਿਕਤਾ ਅਤੇ ਪ੍ਰਮਾਣ ਦੀ ਥਾਂ ਅਲੰਕਾਰ ਦੀ ਵਰਤੋਂ ਕਰ ਕੇ ਉਹ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ

45