ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/52

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਕੋਸ਼ਿਸ਼ ਕਰਦੇ ਹਨ।

ਪੰਜਾਬੀ ਵਿਚ ਸਾਹਿਤ-ਸ਼ਾਸਤਰ ਅਤੇ ਵੱਖ ਵੱਖ ਵਿਧਾਵਾਂ ਬਾਰੇ ਗਿਆਨ ਦੀ ਲੋੜ ਖ਼ਾਸ ਕਰਕੇ ਉਦੋਂ ਮਹਿਸੂਸ ਹੋਣ ਲੱਗੇ, ਜਦੋਂ ਪੰਜਵੇਂ ਦਹਾਕੇ ਦੇ ਅਖ਼ੀਰ ਵਿਚ ਪੰਜਾਬੀ ਵਿਚ ਐਮ. ਏ. ਦੀ ਪੜ੍ਹਾਈ ਸ਼ੁਰੂ ਹੋਈ। ਡਾ. ਗੋਪਾਲ ਸਿੰਘ ਦੀ ਪੁਸਤਕ ਸਾਹਿਤ ਦੀ ਪਰਖ (1950) ਅਤੇ ਪ੍ਰੋ. ਪਰਮਿੰਦਰ ਸਿੰਘ ਤੇ ਕਿਰਪਾਲ ਸਿੰਘ ਕਸੇਲ ਦੀ ਪੁਸਤਕ ਸਾਹਿਤ ਦੇ ਰੂਪ (1951) ਇਸੇ ਲੋੜ ਵਿਚੋਂ ਨਿਕਲੀਆਂ ਪੁਸਤਕਾਂ ਸਨ। ਇਹਨਾਂ ਵਿਚ ਸਾਹਿਤ ਦੀ ਪਰਿਭਾਸ਼ਾ ਅਤੇ ਪ੍ਰਕਿਰਤੀ ਤੋਂ ਲੈ ਕੇ ਇਸ ਦੀਆਂ ਮੁੱਖ ਵਿਧਾਵਾਂ ਬਾਰੇ ਸਪਸ਼ਟੇ ਕਰਨ ਦਾ ਯਤਨ ਕੀਤਾ ਗਿਆ ਹੈ।

ਡਾ. ਗੋਪਾਲ ਸਿੰਘ ਦੀ ਪੁਸਤਕ ਵਿਚ ਇਕ ਕਾਂਡ ਦਾ ਸੰਖੇਪ ਜਿਹਾ ਹਿੱਸਾ ਨਿਕਾਂ ਕਹਾਣੀ ਬਾਰੇ ਹੈ, ਜਿਸ ਤੋਂ ਪ੍ਰਤੱਖ ਹੈ ਕਿ ਲੇਖਕ ਇਸ ਵਿਧਾ ਨੂੰ ਸਮੁੱਚੇ ਸਾਹਿਤ ਦੇ ਸੰਦਰਭ ਵਿਚ ਏਨਾ ਮਹੱਤਵਪੂਰਨ ਨਹੀਂ ਸਮਝਦਾ ਕਿ ਇਸ ਨੂੰ ਕੋਈ ਪੂਰਾ ਕਾਂਡ ਵੀ ਦਿੱਤਾ ਜਾ ਸਕੇ। ਇਹ ਧਾਰਨਾ ਪੱਛਮੀ ਸਾਹਿਤ ਦੇ ਸੰਦਰਭ ਵਿਚ ਤਾਂ ਠੀਕ ਹੋ ਸਕਦੀ ਹੈ, ਪੰਜਾਬੀ ਸਾਹਿਤ ਦੇ ਸੰਦਰਭ ਵਿਚ ਨਹੀਂ।

ਇਸ ਧਾਰਨਾ ਦੇ ਪਿੱਛੇ ਕੰਮ ਕਰਦਾ ਦ੍ਰਿਸ਼ਟੀਕੋਨ ਨਿੱਕੀ ਕਹਾਣੀ ਬਾਰੇ ਸਮੁੱਚੀ ਬਹਿਸ ਉੱਪਰ ਵੀ ਛਾਇਆ ਹੋਇਆ ਹੈ। ਡਾ. ਗੋਪਾਲ ਸਿੰਘ ਪੰਜਾਬੀ ਦਾ ਇਕੋ ਇਕ ਸਾਹਿਤ-ਸ਼ਾਸ਼ਤਰੀ ਹੈ, ਜਿਹੜਾ ਆਧੁਨਿਕ ਨਿੱਕੀ ਕਹਾਣੀ ਨੂੰ ਪੁਰਾਣੀਆਂ ਕਹਾਣੀਆਂ (ਹਿਤ ਉਪਦੇਸ਼, ਬੌਧ ਜਾਤਿਕਾ, ਅਲਫ਼ ਲੈਲਾ, ਐਸਪ ਕਥਾਵਾਂ, ਜਾਦੂਗਰਾਂ ਦੀਆਂ ਕਹਾਣੀਆਂ, ਅੰਜੀਲ ਅਤੇ ਕੁਰਾਨ ਸ਼ਰੀਫ਼ ਆਦਿ ਦੀਆਂ ਸਾਖੀਆਂ) ਦਾ ਹੀ ਅਜੋਕਾ ਰੂਪ ਸਮਝਦਾ ਹੈ। ਉਸ ਅਨੁਸਾਰ ਇਹਨਾਂ ਵਿਚ ਦੁਨਿਆਵੀ ਸਿਆਣਪ, ਅਖ਼ਲਾਕ, ਧਰਮ ਸਿਖਿਆ, ਸੋਨੇ ਜਾਂ ਸੁਣ੍ਹਪ ਦੀ ਭਾਲ ਨਾਲ ਜੁੜੀ ਜੱਦੋ-ਜਹਿਦ, ਜਾਦੂ ਜਾਂ ਕਰਾਮਾਤ ਆਦਿਕ ਨੂੰ ਵਿਖਾਇਆ ਜਾਂਦਾ ਸੀ। ਹੁਣ ਵੀ ਕਹਾਣੀ 'ਰੋਮਾਂਚਿਕ, ਪਰਾ-ਸਰੀਰਕ, ਜਾਦੂ ਜਾਂ ਰਹੱਸ ਦੇ ਪ੍ਰਭਾਵ ਰੰਗੀ, ਘਟਨਾਵਾਂ ਦੀ ਅਸਾਧਾਰਨਤਾ ਉਤੇ ਨਿਰਭਰ, ਲਿਖੀਂਦੀ ਤੇ ਵਿਕਦੀ ਹੈ, ਭਾਵੇਂ ਕਿ ਹੌਲੀ ਹੌਲੀ ਇਸ ਦਾ ਮਾਣ ਘਟਦਾ ਜਾ ਰਿਹਾ ਹੈ। 'ਵਰਤ-ਮਾਨ ਕਹਾਣੀ ਦੀ ਸਮਾਜਕ ਸੂਝ ਤੇ ਉਸ ਦਾ ਵਾਸਤਵਿਕ, ਰੰਗ ਹੀ ਇਕ ਤਬਦੀਲੀ ਹੈ, ਜੋ ਸਭ ਤੋਂ ਵਧੀਕ ਉਘੜੀ ਦੱਸਦੀ ਹੈ।' ਅਰਥਾਤ ਪੁਰਾਣੀਆਂ ਕਹਾਣੀਆਂ ਅਤੇ ਆਧਨਿਕ ਨਿੱਕੀ ਕਹਾਣੀ ਵਿਚਕਾਰ ਇਕ ਇਕ ਫ਼ਰਕ ਆਧੁਨਿਕ ਕਹਾਣੀ ਵਿਚ ਵd ਰਹੀ ਸਮਾਜਕ ਸੂਝ ਅਤੇ ਵਾਸਤਵਿਕ ਰੰਗਤ ਦਾ ਹੈ।

ਪ੍ਰਤੱਖ ਹੈ ਕਿ ਡਾ. ਗੋਪਾਲ ਸਿੰਘ ਆਪਣੇ ਮਿਥਣ ਦਾ ਆਧਾਰ ਹੀ ਗਲਤ ਲੈ ਰਿਹਾ ਹੈ ਕਿਉਂਕਿ ਵੀਹਵੀਂ ਸਦੀ ਦੀ ਪੰਜਾਬੀ ਨਿੱਕੀ ਕਹਾਣੀ ਵਿਚ ਦੁਨਿਆਵੀ ਸਿਆਣਪ ਜਾਂ ਅਖ਼ਲਾਕ ਦੀ ਗੱਲ ਤਾਂ ਭਾਵੇਂ ਹੋਵੇਗੀ, ਪਰ 'ਸੋਨੇ ਜਾਂ ਸੁਣ੍ਹਪ ਦੀ ਭਾਲ ਨਾਲ ਜੁੜੀ ਜੱਦੋ-ਜਹਿਦ, ਜਾਦੂ ਜਾਂ ਕਰਾਮਾਤ ਆਦਿ ਨੂੰ ਕਿਤੇ ਨਹੀਂ ਦਿਖਾਇਆ ਗਿਆ। ਜੇ ਕਿਤੇ

46

46