ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇਗਾ ਵੀ ਤਾਂ ਸਿਰਫ਼ ਇਕ ਅਪਵਾਦ ਵਜੋਂ ਹੀ ਹੋਵੇਗਾ, ਇਹ ਅੱਜ ਦੀ ਪੰਜਾਬੀ ਨਿੱਕੀ ਕਹਾਣੀ ਦਾ ਕੋਈ ਵਿਸ਼ੇਸ਼ ਲੱਛਣ ਨਹੀਂ।

ਇਸ ਤਰਾਂ, ਡਾ. ਗੋਪਾਲ ਸਿੰਘ ਆਧੁਨਿਕ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਵਜੋਂ ਮਾਣਤਾ ਨਹੀਂ ਦੇਂਦਾ, ਇਸ ਲਈ ਉਸ ਵਲੋਂ ਦੱਸੇ ਗਏ ਲੱਛਣ ਵੀ ਇਸ ਦੀ ਵਿਲੱਖਣਤਾ ਨੂੰ ਪਰਗਟ ਨਹੀਂ ਕਰਦੇ। ਉਸ ਅਨੁਸਾਰ ਵਸਤੂ ਤੋਂ ਛੁੱਟ, ਜਿਸ ਦੀ ਸਾਂਝ ਬਾਰੇ ਉਪਰ ਗੱਲ ਕਰ ਆਏ ਹਾਂ, ਪੁਰਾਣੀਆਂ ਕਹਾਣੀਆਂ ਦੇ ਵੀ ਹੇਠ ਲਿਖੇ ਤੱਤ ਹੁੰਦੇ ਸਨ:

1. ਇਕ ਕਹਾਣੀ ਵਿਚ ਕੇਵਲ ਇਕੋ ਭਾਵ ਉਜਾਗਰ ਕੀਤਾ ਜਾਂਦਾ ਸੀ;

2. ਕਹਾਣੀ ਦਾ ਵਾਯੂਮੰਡਲ ਇਕ ਨਵੇਕਲਾ, ਨਿੱਜੀ, ਵਿਕੋਲਿਤਰਾ ਹੁੰਦਾ ਸੀ;

3. ਉਸ ਦਾ ਮਨੋਰਥ ਰਸ-ਭਰੇ ਛਲਾਵੇ ਵਿਚ ਵਲ੍ਹੇਟ ਕੇ (ਜੋ ਕਹਾਣੀ ਦਾ ਤਾਣਾ ਹੁੰਦਾ ਸੀ) ਕੋਈ ਸਿੱਖਿਆ ਦੇਣਾ ਹੁੰਦਾ ਸੀ ('ਸਿਵਾਏ ਧਾਰਮਕ ਸਾਖੀਆਂ ਦੇ, ਜਿੱਥੇ ਸਿਖਿਆਂ ਨੂੰ ਕਹਾਣੀ ਰਸ ਵਿਚ ਗੁਨ੍ਹਣ ਦੀ ਲੋੜ ਨਹੀਂ ਸੀ')

ਡਾ. ਗੋਪਾਲ ਸਿੰਘ ਅਨੁਸਾਰ 'ਇਹ ਤਿੰਨੇ ਅੰਗ ਹੁਣ ਤਾਈ' ਕਹਾਣੀ-ਕਲਾ ਦੇ ਵਿਸ਼ੇਸ਼ ਹਥਿਆਰ ਬਣੇ ਹੋਏ ਹਨ।' ਫ਼ਰਕ ਸਿਰਫ਼ ਇਹ ਹੈ ਕਿ ਪਹਿਲਾਂ ਕਹਾਣੀ ਮੌਖਿਕ ਹੁੰਦੀ ਸੀ, ਹੁਣ ਲਿਖਤੀ ਰੂਪ ਵਿਚ ਪੜ੍ਹੀ ਜਾਂਦੀ ਹੈ।

ਨਿੱਕੀ ਕਹਾਣੀ ਦੇ ਦੋ ਗੁਣ ਉਹ ਐਡਗਰ ਐਲਨ ਪੋ ਦੇ ਹਵਾਲੇ ਨਾਲ ਦੱਸਦਾ ਹੈ ਕਿ ਇਹ 'ਅੱਧੇ ਘੰਟੇ ਤੋਂ ਦੋ ਘੰਟੇ ਵਿੱਚ ਪੜੀ ਜਾਣ ਵਾਲੀ ਵਾਰਤਕ ਕਥਾ' ਹੁੰਦੀ ਹੈ, ਅਰਥਾਤ ਕਹਾਣੀ ਥੋੜ੍ਹ -ਿਚਰੀ ਖੇਡ ਹੁੰਦੀ ਹੈ ਅਤੇ ਇਹੀ ਗੱਲ ਉਸ ਦੀ ਬਣਤਰ ਦੇ ਬਾਕੀ ਅੰਗ ਵੀ ਮਿਥਦੀ ਹੈ, ਜਿਨਾਂ ਵਿਚੋਂ ਸਭ ਤੋਂ ਮਹੱਤਵਪੂਰਨ ਇਹ ਹੈ ਕਿ 'ਕਹਾਣੀਕਾਰ ਇਸ ਢਾਂਚੇ ਵਿਚ ਕੇਵਲ ਕਿਸੇ ਇਕਸ ਪ੍ਰਭਾਵ ਨੂੰ ਨਿਖਾਰ ਸਕਦਾ ਹੈ। ਘਟਨਾ ਭਾਵੇਂ ਕਾਫ਼ੀ ਸਮੇਂ ਉਤੇ ਫੈਲੀ ਹੋਵੇ ਅਤੇ ਭਾਵੇਂ ਇਕ ਤੋਂ ਵਧੀਕ ਵੀ ਹੋਵੇ ਪਰ ਪ੍ਰਭਾਵ ਇਕੋ ਕਈ ਵਿਸ਼ੇਸ਼ ਹੋ ਕੇ ਉਘੜੇਗਾ। ਇਸ ਇਕ ਪ੍ਰਭਾਵ ਨੂੰ ਉਹ ਇਕ ਪਾਸੇ 'ਜੀਵਨ ਦੇ 'ਕਿਸ ਇਕ ਮਸਲੇ, ਪੱਖ, ਟੋਟੇ ਨੂੰ ਚਾਨਣਿਆਉਣ ਅਤੇ ਕਿਸੇ ਇਕ ਪਹਿਲੂ ਨੂੰ ਚਿਤ੍ਰਣ ਨਾਲ ਜੋੜਦਾ ਹੈ, ਤਾਂ ਦੂਜੇ ਪਾਸੇ ਇਸ ਨੂੰ “ਰਸ ਦੇ ਕਿਸੇ ਇਕਹਿਰੇ ਪ੍ਰਭਾਵ' ਨਾਲ ਜੋੜਦਾ ਹੈ। ਇਹ ਮਗਰਲੀ ਗੱਲ ਫਿਰ ਇਕ ਸ਼ੱਕੀ ਮਿਥਣ ਹੈ, ਕਿਉਂਕਿ ਇਕ ਰਸ ਦਾ ਪ੍ਰਭਾਵ ਅੱਜ ਸਾਹਿਤ ਦੇ ਕਿਸੇ ਵੀ ਰੂਪ ਦਾ ਪਰਿਭਾਸ਼ਕ ਗੁਣ ਨਹੀਂ, ਭਾਵੇਂ ਉਹ ਕਿੰਨਾ ਛੋਟਾ ਹੀ ਕਿਉਂ ਨਾ ਹੋਵੇ।

ਡਾ. ਗੋਪਾਲ ਸਿੰਘ ਦੇ ਕਥਨਾਂ ਤੋਂ ਲੱਗਦਾ ਹੈ ਕਿ ਉਹ ਪੰਜਾਬੀ ਕਹਾਣੀ ਦੇ ਸ਼ਾਸਤਰ ਸੰਬੰਧੀ ਛਿੜ ਚੁੱਕੇ ਸੰਬਾਦ ਤੋਂ ਅਣਜਾਣ ਨਹੀਂ। 'ਸਥਾਨਕ ਰੰਗ ਕਹਾਣੀ ਲਈ ਉਨਾ ਹੀ ਜ਼ਰੂਰੀ ਹੈ, ਜਿੰਨਾ ਹੁਨਰ ਦੇ ਕਿਸੇ ਹੋਰ ਅੰਗ ਲਈ ਤੇ ਉਸ ਦਾ ਵਿਸਥਾਰ ਵੀ ਇਸੇ ਦੇ ਯੋਗ ਹੈ', ਉਹ ਲਿਖਦਾ ਹੈ। ਕਹਾਣੀ ਦੀ ਪੁਕਾਰ-ਵੰਡ ਉਹ ਕਹਾਣੀ ਦੇ ਪ੍ਰਭਾਵ

47