ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਨੁਸਾਰ ਕਰਦਾ ਹੈ - 'ਪ੍ਰਭਾਵ ਹਰ ਕਹਾਣੀ ਦਾ ਵਿਸ਼ੇ-ਅਨੁਸਾਰ, ਆਪੋ ਆਪਣਾ ਹੋਵੇਗਾ। ਕਈ ਥਾਈਂ ਪ੍ਰਭਾਵ ਨਿਰੋਲ ਵਿਸ਼ੇ ਦਾ ਹੋਵੇਗਾ; ਕਈ ਹੋਰ ਥਾਈ' ਚੌਗਿਰਦੇ, ਹਵਾ, ਵਾਯੂ-ਮੰਡਲ ਦਾ ਪ੍ਰਭਾਵ ਰਹੱਸਵਾਦੀ ਵੀ ਹੋ ਸਕਦਾ ਹੈ; ਰੋਮਾਂਚਕ ਵੀ ਯਥਾਰਥਵਾਦੀ ਵੀ, ਪ੍ਰਭਾਵਵਾਦੀ ਵੀ। ਕਹਾਣੀ ਮਾਨਸਿਕ ਦੁਨੀਆਂ ਦੀ ਵੀ ਹੋ ਸਕਦੀ ਹੈ, ਭੂਤ-ਕਾਲ ਨੂੰ ਚਿਤ੍ਰਦੀ ਵੀ, ਦਿਸਦੀ ਗਰੀਬੀ ਤੇ ਕੋਝ ਦੀ ਵੀ;, ਹੈਰਾਨੀ, ਵਿਸਮਾਦ, ਅਦਭੁਤਤਾ ਤੇ ਸਨਸਨੀ-ਉਪਜਾਊ ਵੀ; ਕੁਦਰਤ, ਕਿਰਸਾਣੀ ਜਾਂ ਮਜ਼ਦੂਰਾਂ ਸੰਬੰਧੀ ਵੀ। ਇਸ ਤਰ੍ਹਾਂ ਡਾ, ਗੋਪਾਲ ਸਿੰਘ ਕਹਾਣੀਆਂ ਦੀ ਪ੍ਰਕਾਰ ਵੰਡ ਕਰਨ ਦੀ ਥਾਂ ਉਹਨਾਂ ਵਲੋਂ ਪੈਣ ਵਾਲੇ ਸੰਭਵ ਪ੍ਰਭਾਵ ਅਤੇ ਚੁਣੇ ਜਾਣ ਵਾਲੇ ਸੰਭੱਵ ਵਿਸ਼ੇ ਗਿਣਵਾ ਦੇਂਦਾ ਹੈ। ਜਿਸ ਤੋਂ ਭਾਵ ਸਿਰਫ਼ ਇਹ ਨਿਕਲਦਾ ਹੈ ਕਿ ਪ੍ਰਭਾਵ ਅਤੇ ਵਸਤੂ ਦੀ ਚੋਣ ਦੇ ਪਖੋਂ ਕਹਾਣੀ ਲਈ ਬੰਦਸ਼ ਕੋਈ ਨਹੀਂ।

ਇਸੇ ਤਰ੍ਹਾਂ ਉਸ ਅਨੁਸਾਰ 'ਕਹਾਣੀ ਨੂੰ ਆਪਣੇ ਵਿਸ਼ੇ ਤੇ ਕਲਾ ਵਿਚ ਨਾਟਕੀ ਹੋਣਾ ਚਾਹੀਦਾ ਹੈ'। ਪਰ ਇਥੇ 'ਨਾਟਕੀ ਤੋਂ ਭਾਵ ਗੱਲਬਾਤੀ ਢੰਗ ਨਹੀਂ। ਭਾਵ ਇਹ ਹੈ ਕਿ ਘਟਨਾ ਆਪਣੇ ਆਪ ਵਿਚ ਹੈਰਾਨੀ ਭਰੀ, ਅਨੂਪਮ, ਕੁਝ ਅਸਾਧਾਰਨ ਜਿਹੀ ਹੋਵੇ', 'ਇਹ ਕੁਝ ਹੈਰਾਨੀ ਦਾ ਅੰਸ਼ ਪਾਠਕ ਦੇ ਮਨ ਵਿਚ ਜਗਾ ਸਕੇ'। ਪਰ ਇਸ ਤਰ੍ਹਾਂ ਦਾ ਨਾਟਕੀਪਣ ਵੀ ਨਿੱਕੀ ਕਹਾਣੀ ਦੀ ਕੋਈ ਵਿਲੱਖਣਤਾ ਨਹੀਂ ਕਿਉਂਕਿ ਅਸਲ ਵਿਚ ਸਾਰਾ ਸਾਹਿਤ ਇਸ ਹੈਰਾਨੀ ਦੇ ਅੰਸ਼ ਨੂੰ ਜਗਾਉਂਦਾ ਹੈ।'

ਸੋ ਅਸੀਂ ਦੇਖਦੇ ਹਾਂ ਕਿ ਨਿਰੋਲ ਸਾਹਿਤ-ਸ਼ਾਸਤਰੀਆਂ ਵਲੋਂ ਨਿੱਕੀ ਕਹਾਣੀ ਦਾ ਸ਼ਾਸਤਰ ਕਾਇਮ ਕਰਨ ਦਾ ਪਹਿਲਾ ਯਤਨ ਕੋਈ ਬਹੁਤ ਫਲਦਾਇਕ ਨਹੀਂ ਰਿਹਾ। ਜੇ ਕੁਝ ਗੱਲਾਂ ਕਹੀਆਂ ਵੀ ਗਈਆਂ ਹਨ, ਜਿਹੜੀਆਂ ਨਿੱਕੀ ਕਹਾਣੀ ਦੇ ਸੰਦਰਭ ਵਿਚ ਚੱਲ ਰਹੀ ਬਹਿਸ ਦੇ ਪਿਛੋਕੜ ਵਿਚ ਅਰਥ ਰੱਖਦੀਆਂ ਹਨ ਤਾਂ ਇਹ ਅਰਥ ਇਸ ਕਰਕੇ ਗੁਆਚ ਜਾਂਦੇ ਹਨ ਕਿਉਂਕਿ ਡਾ. ਗੋਪਾਲ ਸਿੰਘ ਨਿੱਕੀ ਕਹਾਣੀ ਨੂੰ ਕੋਈ ਵੱਖਰੀ ਵਿਧਾ ਨਹੀਂ ਮੰਨਦਾ ਅਤੇ ਇਹ ਗੱਲਾਂ ਨਿੱਕੀ ਕਹਾਣੀ ਨੂੰ ਵੱਖਰੀ ਵਿਧਾ ਵਜੋਂ ਪਰਿਭਾਸ਼ਿਤ ਨਹੀਂ ਕਰਦੀਆਂ।

ਪਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਕਸੇਲ ਨੇ ਆਪਣੀ ਪੁਸਤਕ ਸਾਹਿਤ ਦੇ ਰੂਪ ਵਿਚ ਨਿੱਕੀ ਕਹਾਣੀ ਨੂੰ ਇਕ ਵੱਖਰੀ ਵਿਧਾ ਵਜੋਂ ਪਛਾਨਣ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦੀ ਦੇਣ ਇਹ ਹੈ ਕਿ ਇਸ ਦੇ ਅਖ਼ੀਰ ਵਿਚ ਅੰਗਰੇਜ਼ੀ ਅਤੇ ਪੰਜਾਬੀ ਚੇ ਸਮਾਨਾਰਥਕ ਸ਼ਬਦ ਦੇ ਕੇ ਆਲੋਚਨਾ ਦੀ ਸ਼ਬਦਾਵਲੀ ਨਿਸ਼ਚਿਤ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ। ਇਸ ਵਿਚ ਦਿੱਤੇ ਗਏ ਸਬਦ ਮਗਰੋਂ ਜਿਉਂ ਦੇ ਤਊ ਵਰਤੇ ਗਏ ਜਾਂ ਨਹੀਂ, ਇਹ ਗੱਲ ਬਹੁਤੀ ਮਹੱਤਵਪੂਰਨ ਨਹੀਂ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਸ਼ਬਦਾਂ ਦੀ ਵਰਤੋਂ ਅਤੇ ਉਹਨਾਂ ਦੇ ਅਰਥਾਂ ਵਿਚ ਨਿਸ਼ਚਤਤਾ ਲਿਆਉਣ ਵਲ ਪਹਿਲਾ ਕਦਮ ਪੁੱਟਿਆ ਗਿਆ।